
ਚੰਡੀਗੜ੍ਹ/ਤਰਨਤਾਰਨ, 2 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ): ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਤਹਿਤ ਸਰਹੱਦ ਪਾਰੋਂ ਤਸਕਰੀ ਨੂੰ ਵੱਡਾ ਝਟਕਾ ਦਿੰਦਿਆਂ ਪੰਜਾਬ ਪੁਲਿਸ ਨੇ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ 5.60 ਕਿਲੋ ਹੈਰੋਇਨ ਦੇ ਪੰਜ ਪੈਕੇਟ ਸਮੇਤ ਹੈਕਸਾਕਾਪਟਰ ਡਰੋਨ , ਜੋ ਕਿ ਖੇਪ ਸੁੱਟਣ ਲਈ ਵਰਤਿਆ ਗਿਆ ਸੀ, ਨੂੰ ਤਰਨਤਾਰਨ ਦੇ ਸਰਹੱਦੀ ਖੇਤਰ ਖੇਮਕਰਨ ਵਿਖੇ ਚਲਾਈ ਵਿਆਪਕ ਤਲਾਸ਼ੀ ਮੁਹਿੰਮ ਦੌਰਾਨ ਬਰਾਮਦ ਕਰਕੇ ਨਸ਼ਾ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਹ ਕਾਰਵਾਈ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਸਹਿਯੋਗ ਨਾਲ ਕੀਤੀ ਗਈ ਸੀ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਭਾਰਤ-ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ ਨੂੰ ਦੇਖਦੇ ਹੋਏ ਤਰਨਤਾਰਨ ਜ਼ਿਲ੍ਹੇ ਦੀਆਂ ਪੁਲਿਸ ਟੀਮਾਂ ਨੇ ਤੁਰੰਤ ਬੀਐਸਐਫ ਨਾਲ ਪ੍ਰਾਪਤ ਹੋਈ ਖੁਫੀਆ ਜਾਣਕਾਰੀ ਸਾਂਝੀ ਕੀਤੀ ਅਤੇ ਸਾਂਝੇ ਤੌਰ ’ਤੇ ਭਾਰਤ-ਪਾਕਿਸਤਾਨ ਸਰਹੱਦ ਤੋਂ ਸਿਰਫ਼ 2 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਖੇਤਰ ’ਚ ਸਰਗਰਮ ਤਲਾਸ਼ੀ ਮੁਹਿੰਮ ਚਲਾਈ ।
ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਇੱਕ ਨੀਲੇ ਅਤੇ ਕਾਲੇ ਰੰਗ ਦਾ ਹੈਕਸਾਕਾਪਟਰ ਡਰੋਨ (ਮਾਡਲ – ਈ 616ਐਸ) ਸਮੇਤ ਕਾਲੇ ਰੰਗ ਦੀ ਟੇਪ ਨਾਲ ਲਪੇਟੇ 5.60 ਕਿਲੋ ਹੈਰੋਇਨ ਦੇ 5 ਪੈਕਟ , ਜੋ ਕਿ ਸਥਾਨਕ ਵਸਨੀਕ ਦੀ ਵਾਹੀਯੋਗ ਜ਼ਮੀਨ ਤੋਂ ਬਰਾਮਦ ਕੀਤੀ। ਸ਼ੁਰੂਆਤੀ ਜਾਂਚ ਤੋਂ ਪਾਇਆ ਗਿਆ ਹੈ ਕਿ ਆਧੁਨਿਕ ਤਕਨੀਕ ਵਾਲਾ ਇਹ ਡਰੋਨ ਕਾਫੀ ਭਾਰ ਚੁੱਕ ਸਕਦਾ ਹੈ।

ਤਰਨਤਾਰਨ ਪੁਲਿਸ ਵੱਲੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਬਰਾਮਦ ਕੀਤਾ ਗਿਆ ਇਹ ਤੀਜਾ ਅਜਿਹਾ ਡਰੋਨ ਹੈ। ਇਸ ਤੋਂ ਪਹਿਲਾਂ, ਮੰਗਲਵਾਰ ਨੂੰ ਖੇਮਕਰਨ ਵਿੱਚ ਬਾਰਡਰ ਚੌਕੀ (ਬੀਓਪੀ) ਹਰਭਜਨ ਦੇ ਅਧਿਕਾਰ ਖੇਤਰ ਵਿੱਚ ਇੱਕ ਹੈਕਸਾਕਾਪਟਰ ਡਰੋਨ ਅਤੇ ਇੱਕ ਟੇਪ ਨਾਲ ਲਪੇਟਿਆ ਪੈਕੇਜ, ਜਿਸ ਵਿੱਚ 6.68 ਕਿਲੋਗ੍ਰਾਮ ਹੈਰੋÇੲਨ ਦੇ ਛੇ ਪੈਕੇਟ ਸਨ, ਬਰਾਮਦ ਕੀਤੇ ਸੀ। ਅਗਲੇ ਹੀ ਦਿਨ ਖਾਲੜਾ ਦੇ ਪਿੰਡ ਵਣ ਤਾਰਾ ਸਿੰਘ ਦੇ ਇਲਾਕੇ ਵਿੱਚੋਂ ਇੱਕ ਟੁੱਟਿਆ ਹੋਇਆ ਕਵਾਡਕਾਪਟਰ ਡਰੋਨ ਵੀ ਬਰਾਮਦ ਕੀਤਾ ਗਿਆ।
ਤਰਨਤਾਰਨ ਦੇ ਸੀਨੀਅਰ ਪੁਲਿਸ ਕਪਤਾਨ ਪੁਲਿਸ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਡਰੋਨ ਰਾਹੀਂ ਇਹ ਖੇਪ ਭੇਜਣ ਵਾਲੇ ਪਾਕਿ ਤਸਕਰਾਂ ਅਤੇ ਉਨ੍ਹਾਂ ਦੇ ਭਾਰਤੀ ਸਾਥੀਆਂ, ਜਿਨ੍ਹਾਂ ਹਵਾਈ ਮਾਰਗ ਰਾਹੀਂ ਸੁੱਟੀ ਹੈਰੋਇਨ ਦੀ ਖੇਪ ਨੂੰ ਪ੍ਰਾਪਤ ਕਰਨਾ ਸੀ, ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ ।
ਇਸੇ ਦੌਰਾਨ ਤਰਨਤਾਰਨ ਦੇ ਥਾਣਾ ਖੇਮਕਰਨ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀਆਂ ਧਾਰਾਵਾਂ 21-ਸੀ, 23, 27-ਏ ਅਤੇ 29 ਅਤੇ ਏਅਰਕ੍ਰਾਫਟ ਐਕਟ ਦੀਆਂ ਧਾਰਾਵਾਂ 10, 11 ਅਤੇ 12 ਤਹਿਤ ਮੁਕੱਦਮਾ ਨੰਬਰ 79 ਮਿਤੀ 02.12.2022 ਦਰਜ ਕਰ ਲਿਆ ਗਿਆ ਹੈ।
