
(ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਵਿੱਚ ਕਾਰ ਦੀ ਡਲਿਵਰੀ ਦੇ ਬਦਲੇ 13,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸਹਾਇਕ ਸਬ ਇੰਸਪੈਕਟਰ (ਏਐਸਆਈ) ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਏਐਸਆਈ ਫਿਰੋਜ਼ਪੁਰ ਦੇ ਥਾਣਾ ਮੱਲਾਂਵਾਲਾ ਵਿੱਚ ਤਾਇਨਾਤ ਹੈ। ਲੜਾਈ-ਝਗੜੇ ਦੇ ਮਾਮਲੇ ਵਿੱਚ ਉਸ ਨੇ ਇਹ ਰਿਸ਼ਵਤ ਕਾਰ ਦੀ ਡਲਿਵਰੀ ਦੇ ਬਦਲੇ ਮੰਗੀ ਸੀ। ਰਿਸ਼ਵਤ ਲੈਣ ਵਾਲਿਆਂ ਨੇ ਸਟਿੰਗ ਆਪ੍ਰੇਸ਼ਨ (Sting operation) ਕਰਦੇ ASI ਦੀ ਵੀਡੀਓ ਬਣਾ ਲਈ। ਹੁਣ ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਆਪਣੇ, ਐਸਐਚਓ ਅਤੇ ਮੁੰਸ਼ੀ ਲਈ ਮੰਗੇ ਪੈਸੇ
ਕਿਸ਼ਨ ਸਿੰਘ ਵਾਸੀ ਕਾਮਲ ਵਾਲਾ ਨੇ ਦੱਸਿਆ ਕਿ 22 ਨਵੰਬਰ 2021 ਨੂੰ ਉਸ ਖ਼ਿਲਾਫ਼ ਲੜਾਈ ਝਗੜੇ ਦਾ ਕੇਸ ਦਰਜ ਹੋਇਆ ਸੀ। ਜਿਸ ਵਿੱਚ ਉਸਦੀ ਕਾਰ ਵੀ ਜ਼ਬਤ ਕਰ ਲਈ ਗਈ ਹੈ। ਜਦੋਂ ਉਹ ਕਾਰ ਦੀ ਡਲਿਵਰੀ ਲੈਣ ਥਾਣੇ ਪੁੱਜੇ ਤਾਂ ਏ.ਐਸ.ਆਈ ਬਲਵਿੰਦਰ ਸਿੰਘ ਨੂੰ ਮਿਲਿਆ। ਪਹਿਲਾਂ-ਪਹਿਲਾਂ ਉਹ 2-3 ਦਿਨ ਚੱਕਰ ਕੱਟਦਾ ਰਿਹਾ।
ਫਿਰ 20 ਹਜ਼ਾਰ ਰੁਪਏ ਦੀ ਮੰਗ ਕੀਤੀ। ਜਿਸ ਵਿੱਚ ਆਪਣੇ ਲਈ 10 ਹਜ਼ਾਰ, ਐਸਐਚਓ ਲਈ 5 ਹਜ਼ਾਰ ਅਤੇ ਮੁੰਸ਼ੀ ਲਈ ਬਾਕੀ ਹੈ। ਇਸ ਤੋਂ ਬਾਅਦ ਕਿਸ਼ਨ ਨੇ ਬਲਵਿੰਦਰ ਨਾਲ ਫ਼ੋਨ ‘ਤੇ ਗੱਲ ਕੀਤੀ। ਜਿਸ ਵਿੱਚ ਉਸ ਨੇ ਆਪਣੇ ਲਈ 8 ਹਜ਼ਾਰ ਅਤੇ ਐੱਸ.ਐੱਚ.ਓ. ਲਈ 5 ਹਜ਼ਾਰ ਲੈਣ ਦੀ ਹਾਮੀ ਭਰੀ। ਉਸ ਨੇ ਇਸ ਦੀ ਕਾਲ ਰਿਕਾਰਡਿੰਗ ਅਤੇ ਪੈਸੇ ਦੇਣ ਦੀ ਵੀਡੀਓ ਵੀ ਬਣਾਈ। ਇਸ ਦੌਰਾਨ ਏਐਸਆਈ ਮੋਬਾਈਲ ਤੋਂ ਰਿਕਾਰਡਿੰਗ ਹੋਣ ਤੋਂ ਵੀ ਡਰਦਾ ਸੀ ਪਰ ਸ਼ਿਕਾਇਤਕਰਤਾ ਦੀ ਚਲਾਕੀ ਨਾਲ ਉਹ ਫਸ ਗਿਆ।
ਐਂਟੀ ਕਰੱਪਸ਼ਨ ਹੈਲਪਲਾਈਨ ‘ਤੇ ਭੇਜੀ, ਐਕਸ਼ਨ ਨਹੀਂ ਤਾਂ ਕੀਤੀ ਵਾਇਰਲ
ਕਿਸ਼ਨ ਸਿੰਘ ਨੇ ਦੱਸਿਆ ਕਿ ਉਸ ਨੇ ਕਾਲ ਰਿਕਾਰਡਿੰਗ ਅਤੇ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 9501200200 ‘ਤੇ ਭੇਜ ਦਿੱਤੀ ਹੈ। 22 ਅਗਸਤ ਨੂੰ ਭੇਜਣ ਦੇ ਬਾਵਜੂਦ 12 ਦਿਨ ਤਕ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਉਸ ਨੇ ਵੀਡੀਓ ਵਾਇਰਲ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ।
