ਚੰਡੀਗੜ, 5 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ): ਇੱਕ ਸੰਗਠਿਤ ਤੇ ਪੂਰਨ ਤਾਲਮੇਲ ਭਰਪੂਰ ਕਾਰਵਾਈ ਤਹਿਤ, ਪੰਜਾਬ ਪੁਲਿਸ ਨੇ ਵੀਰਵਾਰ ਨੂੰ ਦੋਸ਼ੀਆਂ ਦਾ 300 ਕਿਲੋਮੀਟਰ ਤੋਂ ਵੱਧ ਦੂਰ ਤੱਕ ਪਿੱਛਾ ਕਰਕੇ ਅਤੇ ਚਾਰ ਸ਼ੱਕੀ ਵਿਅਕਤੀਆਂ ਦੀ ਗਿ੍ਰਫਤਾਰੀ ਨਾਲ ਇੱਕ ਸੰਭਾਵੀ ਅੱਤਵਾਦੀ ਹਮਲੇ ਨੂੰ ਟਾਲਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਨਾ ਵਿਅਕਤੀਆਂ ਕੋਲੋਂ 3 ਆਈਈਡੀਜ਼ ਜੋ ਇੱਕ ਮੈਟਲਿਕ ਕੇਸ (2.5 ਕਿਲੋ ਹਰੇਕ) ਵਿੱਚ ਪੈਕ ਕੀਤੇ ਗਏ ਸਨ ,1 ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ।
ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਅਤੇ ਪਰਮਿੰਦਰ ਸਿੰਘ ਤਿੰਨੋਂ ਵਾਸੀ ਪਿੰਡ ਵਿੰਜੋਕੇ, ਜੀਰਾ, ਫਿਰੋਜ਼ਪੁਰ ਅਤੇ ਲੁਧਿਆਣਾ ਦੇ ਪਿੰਡ ਭੱਟੀਆਂ ਦੇ ਭੁਪਿੰਦਰ ਸਿੰਘ ਵਜੋਂ ਹੋਈ ਹੈ। ਹਰਿਆਣਾ ਪੁਲਿਸ ਨੇ ਉਕਤ ਵਿਅਕਤੀਆਂ ਨੂੰ ਪੰਜਾਬ ਪੁਲਿਸ ਦੀ ਸੂਹ ‘ਤੇ ਕਰਨਾਲ ਤੋਂ ਗਿ੍ਰਫਤਾਰ ਕੀਤਾ ਗਿਆ ਹੈ ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ, ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਵੀ.ਕੇ ਭਾਵਰਾ ਨੇ ਕਿਹਾ ਕਿ ਕੇਂਦਰੀ ਏਜੰਸੀ ਨੇ ਪਹਿਲਾਂ ਇੱਕ ਇਨਪੁਟ ਸਾਂਝੀ ਕੀਤੀ ਸੀ ਕਿ ਫਾਜਿਲਕਾ ਅਤੇ ਫਿਰੋਜ਼ਪੁਰ ਦੇ ਸਰਹੱਦੀ ਜ਼ਿਲਿਆਂ ਵਿੱਚ ਕੁਝ ਸ਼ੱਕੀ ਵਿਅਕਤੀਆਂ ਦੇ ਹੋਣ ਬਾਰੇ ਜਾਣਕਾਰੀ ਮਿਲੀ ਸੀ, ਜਿਨਾਂ ’ਤੇ ਪੁਲਿਸ ਨੂੰ ਸ਼ੱਕ ਹੈ ਕਿ ਉਹ ਵਿਸਫੋਟਕ ਸਮੱਗਰੀ ਅਤੇ ਹਥਿਆਰ ਲਿਜਾ ਸਕਦੇ ਹਨ।
ਉਨਾਂ ਦੱਸਿਆ ਕਿ ਉਕਤ ਜਾਣਕਾਰੀ ਤੋਂ ਬਾਅਦ, ਕਮਾਂਡੈਂਟ ਪੀਏਪੀ ਹਰਕਮਲਪ੍ਰੀਤ ਸਿੰਘ ਖੱਖ ਅਤੇ ਐਸ.ਐਚ.ਓ. ਐਸ.ਐਸ.ਓ.ਸੀ. ਫਾਜ਼ਿਲਕਾ ਸਤਿੰਦਰਦੀਪ ਸਿੰਘ ਬਰਾੜ ਦੀ ਅਗਵਾਈ ਵਾਲੀਆਂ ਪੁਲਿਸ ਟੀਮਾਂ ਵੱਲੋਂ ਕੇਂਦਰੀ ਏਜੰਸੀ ਦੀਆਂ ਟੀਮਾਂ ਨਾਲ ਮਿਲ ਕੇ ਇਨਾਂ ਸ਼ੱਕੀਆਂ ਨੂੰ ਕਾਬੂ ਕਰਨ ਲਈ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਛਾਪੇਮਾਰੀ ਕੀਤੀ ਗਈ । ਇਹਨਾਂ ਟੀਮਾਂ ਨੇ ਸਾਂਝੇ ਤੌਰ ‘ਤੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਅਤੇ ਐਸਏਐਸ ਨਗਰ ਜ਼ਿਲਿਆਂ ਵਿੱਚ ਸ਼ੱਕੀ ਟਿਕਾਣਿਆਂ ਦੀ ਪਛਾਣ ਕੀਤੀ ਸੀ।
ਡੀ.ਜੀ.ਪੀ. ਨੇ ਦੱਸਿਆ ਕਿ ਸ਼ੱਕੀ ਵਿਅਕਤੀ ਫਿਰੋਜ਼ਪੁਰ ਦੇ ਖੇਤਰ ਵਿੱਚ ਇੱਕ ਚਿੱਟੇ ਰੰਗ ਦੀ ਇਨੋਵਾ ਗੱਡੀ ਡੀਐਲ1 ਵੀਬੀ 7869 ਵਿੱਚ ਘੁੰਮਦੇ ਪਾਏ ਗਏ ਅਤੇ ਪੁਲਿਸ ਵੱਲੋਂ ਪਿੱਛਾ ਕਰਨ ’ਤੇ ਉਹਨਾ ਨੇ ਗੱਡੀ ਦਾ ਰੁਖ ਲੁਧਿਆਣਾ ਵੱਲ ਕਰ ਲਿਆ।
ਉਨਾਂ ਕਿਹਾ “ਜਦੋਂ ਸ਼ੱਕੀ ਵਿਅਕਤੀ ਨੈਸ਼ਨਲ ਹਾਈਵੇਅ ਦੇ ਰਸਤੇ ਅੰਬਾਲਾ ਵੱਲ ਅੱਗੇ ਵਧਣ ਲੱਗੇ, ਤਾਂ ਫੌਰੀ ਕਾਰਵਾਈ ਕਰਦੇ ਹੋਏ, ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਰਾਬਤਾ ਬਣਾਇਆ ਜਿਸ ਤਹਿਤ ਕਰਨਾਲ ਵਿੱਚ ਵਾਹਨ ਨੂੰ ਰੋਕ ਕੇ ਮੁਲਜਮਾਂ ਨੂੰ ਆਈਈਡੀ ਸਮੇਤ ਗਿ੍ਰਫਤਾਰ ਕੀਤਾ ਗਿਆ।’’
ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਕਿ ਉਹ ਪਾਕਿਸਤਾਨ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਉਰਫ ਰਿੰਦਾ ਲਈ ਕੰਮ ਕਰਦੇ ਸਨ। ਜਿਕਰਯੋਗ ਹੈ ਕਿ ਰਿੰਦਾ ਜੋ ਕਿ ਪੰਜਾਬ, ਚੰਡੀਗੜ, ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਸਰਗਰਮ ਇੱਕ ਮਸ਼ਹੂਰ ਗੈਂਗਸਟਰ ਹੈ ਅਤੇ ਪੰਜਾਬ ਪੁਲਿਸ ਨੂੰ ਕਤਲ, ਕੰਟਰੈਕਟ ਕਿਲਿੰਗ, ਡਕੈਤੀ, ਫਿਰੌਤੀ ਅਤੇ ਸਨੈਚਿੰਗ ਵਰਗੇ ਕਈ ਘਿਨਾਉਣੇ ਅਪਰਾਧਾਂ ਵਿੱਚ ਲੋੜੀਂਦਾ ਹੈ।
ਦੱਸਣਯੋਗ ਹੈ ਕਿ ਕਰਨਾਲ ਦੇ ਮਧੂਬਨ ਪੁਲਿਸ ਥਾਣੇ ਵਿੱਚ ਦਰਜ ਕੀਤੀ ਗਈ ਐਫ.ਆਈ.ਆਰ. ਮੁਤਾਬਕ ਐਸ.ਐਸ.ਓ.ਸੀ. ਫਾਜ਼ਿਲਕਾ ਦੇ ਐਸ.ਐਚ.ਓ. ਸਤਿੰਦਰ ਸਿੰਘ ਬਰਾੜ ਨੇ ਹਰਿਆਣਾ ਪੁਲਿਸ ਨੂੰ ਸੂਹ ਦਿੱਤੀ ਸੀ ਕਿ ਇੱਕ ਚਿੱਟੇ ਰੰਗ ਦੀ ਇਨੋਵਾ ਕਾਰ ਸ਼ੱਕੀ ਰੂਪ ਵਿੱਚ ਵਿਸਫੋਟਕ ਲੈ ਕੇ ਪੰਜਾਬ ਤੋਂ ਦਿੱਲੀ ਵੱਲ ਜਾ ਰਹੀ ਹੈ । ਜਿਸ ਉਪਰੰਤ ਪੁਲਿਸ ਦੀਆਂ ਟੀਮਾਂ ਨੂੰ ਬਸਤਾਰਾ ਟੋਲ ਪਲਾਜਾ ਤੇ ਨਾਕਾ ਲਗਾਉਣ ਲਈ ਭੇਜਿਆ ਗਿਆ ਅਤੇ ਵਾਹਨਾਂ ਦੀ ਚੈਕਿੰਗ ਦੌਰਾਨ ਮੁਲਜਮਾਂ ਨੂੰ ਗੋਲੀ ਸਿੱਕੇ ਸਮੇਤ ਗਿ੍ਰਫਤਾਰ ਕਰ ਲਿਆ ਗਿਆ।
—————