ਮਾਨਸਾ 20 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਪੰਜਾਬ ਨੰਬਰਦਾਰ ਯੂਨੀਅਨ ਜਿਲ੍ਹਾ ਮਾਨਸਾ ਰਜਿ:643 ਦੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਗੁਰਨੇ ਕਲਾਂ ਨੇ ਕੀਤੀ। ਅੱਜ ਦੀ ਮੀਟਿੰਗ ਦਾ ਮੁੱਖ ਏਜੰਡਾ ਆਉਣ ਵਾਲੀ 7 ਤਾਰੀਖ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਰੈਲੀ ਦੇ ਸਬੰਧ ਵਿੱਚ ਸੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੀਟਿੰਗ ਨੂੰ ਸੰਬੋਧ ਕਰਦਿਆਂ ਸਰਕਾਰ ਨੂੰ ਕਰੜੇ ਹੱਥੀਂ ਲਿਆ ਕਿ ਸਰਕਾਰ ਨੇ ਚੋਣਾਂ ਸਮੇਂ ਕੀਤੇ ਵਾਅਦਿਆਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ। ਆਪਣੀਆਂ ਮੰਗਾਂ ਨੂੰ ਲੈ ਕੇ ਨੰਬਰਦਾਰ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਪੰਜਾਬ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਹੇਠ ਆਉਣ ਵਾਲੀ 07-03-2024 ਨੂੰ ਸੰਗਰੂਰ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਨੰਬਰਦਾਰ ਭਾਈਚਾਰਾ ਵੱਡੀ ਗਿਣਤੀ ਵਿੱਚ ਹਾਜਰੀ ਭਰੇਗਾ। ਨੰਬਰਦਾਰਾਂ ਦੀ ਪਿਛਲੇ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਜਿਵੇ ਕਿ ਜੱਦੀ ਪੁਸ਼ਤੀ ਨੰਬਰਦਾਰੀ ਨੂੰ ਪ੍ਰਵਾਨਗੀ ਦਿੱਤੀ ਜਾਵੇ। ਸਰਕਾਰ ਦੇ ਵਾਅਦੇ ਮੁਤਾਬਿਕ ਨੰਬਰਦਾਰਾਂ ਦੇ ਮਾਣ ਭੱਤੇ ਵਿੱਛ ਵਾਧਾ ਕੀਤਾ ਜਾਵੇ ਅਤੇ ਨੰਬਰਦਾਰਾਂ ਦਾ ਸਿਹਤ ਬੀਮਾ, ਬੱਸ ਪਾਸ, ਅਤੇ ਟੋਲ ਟੈਕਸ ਵਿੱਚੋਂ ਨੰਬਰਦਾਰਾਂ ਨੂੰ ਛੋਟ ਦਿੱਤੀ ਜਾਵੇ। ਇਸ ਮੌਕੇ ਨੰਬਰਦਾਰਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਵੀ ਬੇਨਤੀ ਕੀਤੀ ਕਿ ਕਿਸੇ ਵੀ ਮਾਲ ਵਿਭਾਗ ਦੇ ਕੰਮ ਸਬੰਧੀ ਸਾਬਕਾ ਐਮ.ਸੀ., ਸਾਬਕਾ ਮੈਂਬਰ ਦੀ ਗਵਾਹੀ ਮੰਨੀ ਜਾ ਰਹੀ ਹੈ ਜਦੋਂ ਕਿ ਮਾਲ ਵਿਭਾਗ ਦੇ ਹਰ ਕੰਮ ਵਿੱਚ ਨੰਬਰਦਾਰ ਦੀ ਹੀ ਗਵਾਹੀ ਲਾਜਮੀ ਹੈ। ਇਸ ਤੇ ਸਰਕਾਰ ਤੇ ਪ੍ਰਸ਼ਾਸ਼ਨ ਖਾਸ ਕਰਕੇ ਧਿਆਨ ਦੇਵੇ ਕਿਉਂਕਿ ਨੰਬਰਦਾਰ ਸਰਕਾਰ ਅਤੇ ਆਮ ਜਨਤਾ ਵਿੱਚ ਅਹਿਮ ਕੜੀ ਵਾਂਗ ਕੰਮ ਕਰਦੇ ਹਨ ਅਤੇ ਸਰਕਾਰ ਦੀਆਂ ਹਰ ਹਦਾਇਤਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਕੁਦਰਤੀ ਆਫਤਾਂ ਸਮੇਂ ਸਰਕਾਰ ਦਾ ਸਹਿਯੋਗ ਦੇਣ ਵਿੱਚ ਕੋਈ ਕਸਰ ਨਹੀਂ ਛੱਡਦੇ। ਇਸ
ਮੌਕੇ ਤੇ ਹਾਜਰ ਨੰਬਰਦਾਰ ਸਾਹਿਬਾਨ ਤਹਿਸੀਲ ਪ੍ਰਧਾਨ ਮਲਕੀਤ ਸਿੰਘ ਫਫੜੇ, ਗੁਰਬਰਨ ਸਿੰਘ ਕੁਲਾਣਾ, ਬਲਦੇਵ ਸਿੰਘ ਭੁਪਾਲ, ਹਰਬੰਸ ਸਿੰਘ ਭੁਪਾਲ, ਪਰਮਜੀਤ ਸਿੰਘ ਭੀਖੀ, ਸੁਖਪਾਲ ਸਿੰਘ ਖੀਵਾ, ਅਵਤਾਰ ਸਿੰਘ ਮੰਢਾਲੀ, ਧਰਮਿੰਦਰ ਸਿੰਘ ਬਰਨਾਲਾ, ਜਗਸੀਰ ਸਿੰਘ ਜੋਗਾ, ਬਲਦੇਵ ਸਿੰਘ ਖੋਖਰ, ਮਿੱਠੂ ਸਿੰਘ ਬਹਾਦਰਪੁਰ, ਰਘਵੀਰ ਸਿੰਘ ਉੱਭਾ ਆਦਿ ਨੰਬਰਦਾਰ ਹਾਜਰ ਸਨ।