ਚੰਡੀਗੜ੍ਹ, 5 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ) : ਪੰਜਾਬ ਨੇ ਸਥਾਈ ਸ਼ਹਿਰਾਂ ਅਤੇ ਭਾਈਚਾਰਿਆਂ ਲਈ ਸਥਾਈ ਵਿਕਾਸ ਟੀਚੇ (ਐਸ.ਡੀ.ਜੀਜ਼) ਇੰਡੀਆ ਇੰਡੈਕਸ 2020-21 ਵਿੱਚ ਦੇਸ਼ ਭਰ ਦੇ ਰਾਜਾਂ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ 68 ਅੰਕਾਂ ਨਾਲ ਫਰੰਟ ਰਨਰ ਸੂਚੀ ਵਿੱਚ ਸ਼ਾਮਲ ਹੋਇਆ।
ਇਹ ਜਾਣਕਾਰੀ ਅੱਜ ਇੱਥੇ ਸਥਾਈ ਵਿਕਾਸ ਟੀਚੇ (ਐਸ.ਡੀ.ਜੀਜ਼) ਇੰਡੀਆ ਇੰਡੈਕਸ-2020-21 ਅਨੁਸਾਰ ਸੂਬੇ ਦੇ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਉਪਰੰਤ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦਿੱਤੀ।
ਸਬੰਧਤ ਵਿਭਾਗਾਂ ਦੇ ਪ੍ਰਸ਼ਾਸਕੀ ਸਕੱਤਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਇਸ ਵਿੱਚ 22 ਸੂਚਕ ਸਨ ਜਿੱਥੇ ਸੂਬੇ ਦੀ ਕਾਰਗੁਜ਼ਾਰੀ/ਸੂਚਕਾਂਕ ਸਕੋਰ 100 ਰਿਹਾ। ਇਹਨਾਂ ਵਿੱਚ ਮੁੱਖ ਸੂਚਕ ਜਿਵੇਂ `ਟੀਚੇ ਅਨੁਸਾਰ ਬਣਾਏ ਗਏ ਵਿਅਕਤੀਗਤ ਘਰੇਲੂ ਪਖਾਨਿਆਂ ਦੀ ਪ੍ਰਤੀਸ਼ਤਤਾ (ਐਸ.ਬੀ.ਐਮ.(ਜੀ))`, `ਸੈਕੰਡਰੀ ਪੱਧਰ `ਤੇ ਵਿਦਿਆਰਥੀ-ਅਧਿਆਪਕ ਅਨੁਪਾਤ (9ਵੀਂ-10ਵੀਂ ਜਮਾਤ)`, `ਇਲੈਕਟ੍ਰੀਫਾਈਡ ਘਰਾਂ ਦੀ ਪ੍ਰਤੀਸ਼ਤਤਾ`, `ਖੁੱਲ੍ਹੇ ਵਿੱਚ ਸੌਚ ਮੁਕਤ ਹੋਣ ਦੀ ਪੁਸ਼ਟੀ ਕੀਤੇ ਗਏ ਜ਼ਿਲ੍ਹਿਆਂ ਦੀ ਪ੍ਰਤੀਸ਼ਤਤਾ (ਐਸ.ਬੀ.ਐਮ.(ਜੀ))` ਅਤੇ `ਟੀਚੇ ਅਨੁਸਾਰ ਬਣਾਏ ਗਏ ਵਿਅਕਤੀਗਤ ਘਰੇਲੂ ਪਖਾਨਿਆਂ ਦੀ ਪ੍ਰਤੀਸ਼ਤਤਾ` ਆਦਿ ਸ਼ਾਮਲ ਹੈ।
ਮੀਟਿੰਗ ਦੌਰਾਨ ਕੁਝ ਪ੍ਰਸ਼ਾਸਕੀ ਸਕੱਤਰਾਂ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਸੂਚਕਾਂ ਲਈ ਲਏ ਗਏ ਅੰਕੜੇ ਨਵੀਨਤਮ ਰੁਝਾਨਾਂ `ਤੇ ਅਧਾਰਤ ਨਹੀਂ ਸਨ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮੌਜੂਦਾ ਹਾਲਾਤ ਅਨੁਸਾਰ ਐਸ.ਡੀ.ਜੀ. ਇੰਡੀਆ ਇੰਡੈਕਸ 2020-21 ਲਈ ਵਰਤੇ ਜਾਣ ਵਾਲੇ ਅੰਕੜਿਆਂ ਵਿੱਚ ਮਹੱਤਵਪੂਰਣ ਸੁਧਾਰ ਹੋਇਆ ਹੋਵੇਗਾ। ਸ੍ਰੀਮਤੀ ਮਹਾਜਨ ਨੇ ਸਾਰੇ ਪ੍ਰਸ਼ਾਸਕੀ ਸਕੱਤਰਾਂ ਨੂੰ ਅੰਕੜਿਆਂ ਵਿੱਚ ਸੋਧ ਨਾਲ ਜੁੜੇ ਮੁੱਦਿਆਂ ਨੂੰ ਉਠਾਉਣ ਦੇ ਨਿਰਦੇਸ਼ ਦਿੱਤੇ।
ਇਸ ਮੀਟਿੰਗ ਵਿੱਚ ਖੇਤੀਬਾੜੀ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਜੰਗਲਾਤ ਅਤੇ ਜੰਗਲੀ ਜੀਵ, ਗ੍ਰਹਿ ਮਾਮਲੇ, ਕਿਰਤ, ਮਾਲ, ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ, ਉਚੇਰੀ ਸਿੱਖਿਆ, ਉਦਯੋਗ ਅਤੇ ਵਣਜ, ਸਾਇੰਸ ਤਕਨਾਲੋਜੀ ਅਤੇ ਵਾਤਾਵਰਣ, ਸਮਾਜਿਕ ਸੁਰੱਖਿਆ, ਟਰਾਂਸਪੋਰਟ, ਜਲ ਸਰੋਤ, ਸਿਹਤ ਅਤੇ ਪਰਿਵਾਰ ਭਲਾਈ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਕੂਲ ਸਿੱਖਿਆ, ਬਿਜਲੀ ਅਤੇ ਸਥਾਨਕ ਸਰਕਾਰਾਂ ਦੇ ਪ੍ਰਸ਼ਾਸਕੀ ਸਕੱਤਰ ਮੌਜੂਦ ਸਨ।