
ਚੰਡੀਗੜ੍ਹ, 04 ਨਵੰਬਰ: (ਸਾਰਾ ਯਹਾਂ/ਬਿਊਰੋ ਨਿਊਜ਼):
ਸੂਬੇ ਵਿੱਚ ਕਾਰੋਬਾਰ ਕਰਨ ਨੂੰ ਸੁਖਾਲਾ ਬਣਾਉਣ ਲਈ ਚੁੱਕੇ ਅਹਿਮ ਕਦਮਾਂ ਵਿੱਚ, ਪੰਜਾਬ ਨੇ ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ “ਵਰਲਡ ਫੂਡ ਇੰਡੀਆ 2023” ਸਮਾਗਮ ਦੌਰਾਨ ਫੂਡ ਪ੍ਰੋਸੈਸਿੰਗ ਅਤੇ ਸਹਾਇਕ ਉਦਯੋਗਾਂ ਵਿੱਚ ਲਗਭਗ 1225 ਕਰੋੜ ਰੁਪਏ ਦਾ ਨਿਵੇਸ਼ ਹਾਸਲ ਕੀਤਾ।
ਪ੍ਰਗਤੀ ਮੈਦਾਨ, ਨਵੀਂ ਦਿੱਲੀ ਵਿਖੇ 3 ਤੋਂ 5 ਨਵੰਬਰ ਤੱਕ “ਵਰਲਡ ਫੂਡ ਇੰਡੀਆ 2023” ਦੇ ਦੂਜੇ ਐਡੀਸ਼ਨ ਵਿੱਚ ਭਾਈਵਾਲ ਸੂਬੇ ਵਜੋਂ ਪੰਜਾਬ ਦੀ ਮੌਜੂਦਗੀ ਨੇ ਵਿਸ਼ਵ ਭਰ ਦਾ ਧਿਆਨ ਖਿੱਚਿਆ।
ਇਸ ਈਵੈਂਟ ਦੇ ਉਦਘਾਟਨ ਮੌਕੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਇਨਵੈਸਟ ਪੰਜਾਬ ਦੇ ਸੀ.ਈ.ਓ. ਡੀ.ਪੀ.ਐਸ. ਖਰਬੰਦਾ ਨਾਲ ਐਚ.ਯੂ.ਐਲ., ਸੁਪਰ ਟੇਸਟੀ ਬੇਕਰਜ਼, ਨਵਾਰਾ (ਸਪੇਨ), ਐਲ.ਯੂ.ਐਲ.ਯੂ. ਗਰੁੱਪ (ਯੂ.ਏ.ਈ.), ਡੇਨੋਨ ਇੰਡੀਆ, ਮਾਰਸੇਲ ਅਗਸਤੇ (ਫ੍ਰਾਂਸ), ਵਿਸਟਾ ਫੂਡਸ (ਓ.ਐਸ.ਆਈ. ਗਰੁੱਪ ਕੰਪਨੀ, ਯੂ.ਐਸ.ਏ.) ਵਰਗੀਆਂ ਪ੍ਰੋਸੈਸਿੰਗ ਕੰਪਨੀਆਂ ਦੇ ਸੀ.ਈ.ਓ. ਅਤੇ ਸੀਨੀਅਰ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ।
ਇਨ੍ਹਾਂ ਮੀਟਿੰਗਾਂ ਦਾ ਉਦੇਸ਼ ਆਪਸੀ ਸਹਿਯੋਗ, ਵਿਕਾਸ ਅਤੇ ਲਗਾਤਾਰ ਵਿਕਸਿਤ ਹੋ ਰਹੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਮੁਹਾਰਤ ਦਾ ਆਦਾਨ-ਪ੍ਰਦਾਨ ਕਰਨਾ ਸੀ।
ਉਦਯੋਗ ਜਗਤ ਦੇ ਦਿੱਗਜ਼ ਇਹਨਾਂ ਮੌਕਿਆਂ ਪ੍ਰਤੀ ਉਤਸ਼ਾਹੀ ਨਜ਼ਰ ਆਏ ਅਤੇ ਉਨ੍ਹਾਂ ਨੇ ਬਿਹਤਰੀਨ ਕਾਰੋਬਾਰੀ ਮਾਹੌਲ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਅਨਮੋਲ ਗਗਨ ਮਾਨ ਨੇ ਸੂਬੇ ਵਿੱਚ ਨਿਵੇਸ਼ ਕਰਨ ਵਾਲੇ ਸਾਰੇ ਨਿਵੇਸ਼ਕਾਂ ਨੂੰ ਪੂਰਨ ਸਹਿਯੋਗ ਅਤੇ ਸਹੂਲਤ ਦੇਣ ਦਾ ਭਰੋਸਾ ਦਿੱਤਾ।
ਇਸ ਸਹਿਯੋਗੀ ਭਾਵਨਾ ਨੇ ਵਿਸ਼ਵ ਪੱਧਰ ‘ਤੇ ਫੂਡ ਪ੍ਰੋਸੈਸਿੰਗ ਸੈਕਟਰ ਵਿੱਚ ਨਵੀਨਤਾ, ਗੁਣਵੱਤਾ ਅਤੇ ਖੁਸ਼ਹਾਲੀ ਲਈ ਇੱਕ ਕੇਂਦਰ ਵਜੋਂ ਪੰਜਾਬ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ।
ਅਨਮੋਲ ਗਗਨ ਮਾਨ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ ਪੰਜਾਬ ਨੂੰ ਫੂਡ ਪ੍ਰੋਸੈਸਿੰਗ ਅਤੇ ਸਹਾਇਕ ਉਦਯੋਗਾਂ ਵਿੱਚ ਲਗਭਗ 1225 ਕਰੋੜ ਰੁਪਏ ਦੇ ਨਵੇਂ ਨਿਵੇਸ਼ ਪ੍ਰਾਪਤ ਹੋਏ।
ਇਸ ਅੰਤਰਰਾਸ਼ਟਰੀ ਮੈਗਾ ਫੂਡ ਈਵੈਂਟ ਦਾ ਆਯੋਜਨ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ, ਭਾਰਤ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੀਨੀਅਰ ਸਰਕਾਰੀ ਨੁਮਾਇੰਦੇ, ਨਿਵੇਸ਼ਕਾਂ ਅਤੇ ਪ੍ਰਮੁੱਖ ਵਿਸ਼ਵ ਪੱਧਰੀ ਤੇ ਘਰੇਲੂ ਐਗਰੀ-ਫੂਡ ਕੰਪਨੀਆਂ ਦੇ ਦਿੱਗਜ਼ ਮੌਜੂਦ ਰਹੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਿਛਲੇ ਡੇਢ ਸਾਲ ਦੌਰਾਨ ਇਨਵੈਸਟ ਪੰਜਾਬ, ਸੈਰ ਸਪਾਟਾ ਸੰਮੇਲਨ ਅਤੇ ਸਰਕਾਰ-ਸਨਅਤਕਾਰ ਮਿਲਣੀ ਪ੍ਰੋਗਰਾਮ ਦਾ ਸਫ਼ਲਤਾਪੂਰਵਕ ਆਯੋਜਨ ਕਰਕੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਵੇਂ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਹੈ। ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਹੁਣ ਤੱਕ ਪੰਜਾਬ ਵਿੱਚ ਕਈ ਨਵੇਂ ਨਿਵੇਸ਼ ਆ ਚੁੱਕੇ ਹਨ।
