ਚੰਡੀਗੜ੍ਹ 02 ,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿੱਚ ਛੇ ਮਹੀਨੇ ਅੰਦਰ ਚੌਥੀ ਵਾਰ ਪੰਜਾਬ ਦਾ ਡੀਜੀਪੀ ਬਦਲਣ ਜਾ ਰਿਹਾ ਹੈ।ਦਰਅਸਲ, ਪੰਜਾਬ ਦੇ ਮੌਜੂਦਾ ਡੀਜੀਪੀ ਵੀਕੇ ਭਾਵਰਾ ਦੋ ਮਹੀਨੇ ਦੀ ਛੁੱਟੀ ‘ਤੇ ਚਲੇ ਗਏ ਹਨ।ਪੰਜਾਬ ਸਰਕਾਰ ਨੇ ਭਾਵਰਾ ਦੀ ਛੁੱਟੀ ਮੰਜ਼ੂਰ ਕਰ ਲਈ ਹੈ। 1987 ਬੈਚ ਦੇ IPS ਵੀਕੇ ਭਾਵਰਾ ਨੇ ਕੇਂਦਰੀ ਡੈਪੂਟੇਸ਼ਨ ਦੇ ਲਈ ਅਪਲਾਈ ਕੀਤਾ ਸੀ। ਭਾਵਰਾ ਆਖਰੀ ਦੋ ਸਾਲ ਦੀ ਨੌਕਰੀ ਪੰਜਾਬ ‘ਚ ਨਹੀਂ ਕਰਨਾ ਚਾਹੁੰਦੇ।ਇਸ ਦਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਉਹਨਾਂ ਦੇ ਕੰਮਕਾਜ ਤੋਂ ਖੁਸ਼ ਨਹੀਂ ਹਨ।
ਮੰਨਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਸੂਬੇ ਦੀ ਕਾਨੂੰਨ ਵਿਵਸਥਾ, ਸਿੱਧੂ ਮੂਸੇਵਾਲਾ ਦਾ ਕਤਲ ਅਤੇ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ‘ਤੇ ਗ੍ਰੇਨੇਡ ਹਮਲੇ ਕਾਰਨ ਉਹ ਕਾਫੀ ਦਬਾਅ ਹੇਠ ਸੀ।ਉਧਰ ਨਵੇਂ ਡੀਜੀਪੀ ਦੇ ਦੌੜ ‘ਚ ਕਈ ਅਫ਼ਸਰ ਹਨ।ਇਸ ‘ਚ 1992 ਬੈਚ ਦੇ IPS ਗੌਰਵ ਯਾਦਵ ਅਤੇ ਹਰਪ੍ਰੀਤ ਸਿੰਘ ਦਾ ਨਾਮ ਸਭ ਤੋਂ ਅੱਗੇ ਹੈ।
ਦਸ ਦੇਈਏ ਕਿ ਸਰਕਾਰ ਪਹਿਲਾਂ ਤਾਂ ਪੰਜਾਬ ਦੇ DGP ਦਾ ਵਾਧੂ ਚਾਰਜ ਕਿਸੇ ਅਫ਼ਸਰ ਨੂੰ ਦੇਵੇਗੀ।ਇਸ ਮਗਰੋਂ ਛੇ ਮਹੀਨੇ ਅੰਦਰ ਡੀਜੀਪੀ ਦੇ ਅਹੁਦੇ ਲਈ ਅਫ਼ਸਰ ਦਾ ਇਕ ਪੈਨਲ UPSC ਨੂੰ ਭੇਜਿਆ ਜਾਵੇਗਾ। ਪੈਨਲ ‘ਚ ਤਿੰਨ ਅਫ਼ਸਰਾਂ ਦੀ ਸਿਫਾਰਿਸ਼ UPSC, ਸਰਕਾਰ ਨੂੰ ਭੇਜੇਗੀ।ਉਨ੍ਹਾਂ ਤਿੰਨਾਂ ਵਿੱਚੋਂ ਪੰਜਾਬ ਸਰਕਾਰ ਜਿਸਨੂੰ ਚਾਹੇ ਡੀਜੀਪੀ ਲਗਾਵੇਗੀ।
ਫਿਲਹਾਲ, ਮੁੱਖ ਮੰਤਰੀ ਮਾਨ ਦੇ ਸਪੈਸ਼ਨ ਪ੍ਰਿੰਸੀਪਲ ਸੈਕਟਰੀ ਅਤੇ ਸਪੈਸ਼ਲ DGP ਹੈੱਡਕੁਆਰਟਰ ਗੌਰਵ ਯਾਦਵ ਨੂੰ ਪੰਜਾਬ ਦੇ ਡੀਜੀਪੀ ਦਾ ਵਾਧੂ ਚਾਰਜ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਪਿਛਲੇ ਤਿੰਨ ਮਹੀਨੇ ਤੋਂ ਯਾਦਵ ਪੁਲਿਸ ਅਤੇ ਮੁੱਖ ਮੰਤਰੀ ਨਾਲ ਕੰਮ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਗੌਰਵ ਯਾਦਵ ਦੀ ਸੇਵਾ ਮੁਕਤੀ 2029 ‘ਚ ਹੈ।ਇਸ ਹਿਸਾਬ ਨਾਲ ਯਾਦਵ ਇਸ ਅਹੁੱਦੇ ਲਈ ਫਿੱਟ ਹਨ।ਪਰ ਉਨ੍ਹਾਂ ਨੂੰ ਸਥਾਈ ਡੀਜੀਪੀ ਬਣਾਉਣ ਲਈ ਕਈ ਸੀਨੀਅਰ ਅਧਿਕਾਰੀਆਂ ਦਾ ਕੰਨਸੈਂਟ ਲੈਣਾ ਹੋਵੇਗਾ।ਯਾਦਵ ਦੇ ਸਥਾਈ ਡੀਜੀਪੀ ਬਣਨ ‘ਤੇ ਉਨ੍ਹਾਂ ਦੇ ਸੀਨੀਅਰ ਹੀ ਨਹੀਂ ਸਗੋਂ ਕਈ ਜੂਨੀਅਰ IPS ਅਫ਼ਸਰ ਵੀ ਸੇਵਾ ਮੁਕਤ ਹੋ ਜਾਣਗੇ, ਪਰ ਗੌਰਵ ਯਾਦਵ ਲੰਬੇ ਸਮੇਂ ਤਕ ਅਹੁਦੇ ‘ਤੇ ਬਣੇ ਰਹਿਣਗੇ।