
ਚੰਡੀਗੜ੍ਹ, 11 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਜੁਲਾਈ, 2017 ਤੋਂ ਮਾਰਚ, 2022 ਦੀ ਮਿਆਦ ਲਈ ਵਸਤੂਆਂ ਅਤੇ ਸੇਵਾਵਾਂ ਕਰ (ਜੀ.ਐਸ.ਟੀ) ਦੇ ਅਧੀਨ ਬਕਾਇਆ ਮੁਆਵਜ਼ੇ ਵਜੋਂ ਪੰਜਾਬ ਨੂੰ ਭਾਰਤ ਸਰਕਾਰ ਤੋਂ 3,670.64 ਕਰੋੜ ਰੁਪਏ ਪ੍ਰਾਪਤ ਹੋਏ ਹਨ।
ਇਸ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜੀ.ਐਸ.ਟੀ. ਅਧੀਨ ਮੁਆਵਜ਼ੇ ਦੀ ਮਿਆਦ 30 ਜੂਨ, 2022 ਨੂੰ ਖਤਮ ਹੋ ਗਈ ਸੀ, ਹਾਲਾਂਕਿ, ਪੰਜਾਬ ਸਰਕਾਰ ਨੇ ਆਬਕਾਰੀ ਅਤੇ ਕਰ ਵਿਭਾਗ, ਪੰਜਾਬ ਰਾਹੀਂ ਭਾਰਤ ਸਰਕਾਰ ਕੋਲ ਬਕਾਇਆ ਜੀਐਸਟੀ ਮੁਆਵਜ਼ੇ ਦਾ ਮੁੱਦਾ ਉਠਾਇਆ ਸੀ । ਉਨ੍ਹਾਂ ਕਿਹਾ ਕਿ ਸੂਬੇ ਦੇ ਲਗਾਤਾਰ ਅਤੇ ਅਣਥੱਕ ਯਤਨਾਂ ਸਦਕਾ ਭਾਰਤ ਸਰਕਾਰ ਵੱਲੋਂ ਜੁਲਾਈ, 2017 ਤੋਂ ਮਾਰਚ, 2022 ਦੀ ਮਿਆਦ ਦੇ ਬਕਾਇਆ ਮੁਆਵਜ਼ੇ ਵਜੋਂ ਰਾਜ ਨੂੰ 3,670.64 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਅੱਜ 11 ਅਕਤੂਬਰ, 2023 ਨੂੰ ਮਨਜ਼ੂਰੀ ਦੇ ਹੁਕਮ ਜਾਰੀ ਕੀਤੇ ਗਏ।
ਹਰਪਾਲ ਸਿੰਘ ਚੀਮਾ ਨੇ ਬਕਾਇਆ ਮੁਆਵਜ਼ਾ ਰਾਸ਼ੀ ਜਾਰੀ ਕਰਨ ਲਈ ਕੇਂਦਰੀ ਵਿੱਤ ਮੰਤਰੀ ਦਾ ਧੰਨਵਾਦ ਕਰਨ ਦੇ ਨਾਲ-ਨਾਲ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਦਫਤਰ ਅਤੇ ਪੰਜਾਬ ਦੇ ਪ੍ਰਮੁੱਖ ਮਹਾਂਲੇਖਾਕਾਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਬਕਾਇਆ ਮੁਆਵਜ਼ਾ ਰਾਸ਼ੀ ਨੂੰ ਪ੍ਰਾਪਤ ਕਰਨ ਲਈ ਆਬਕਾਰੀ ਅਤੇ ਕਰ ਵਿਭਾਗ, ਪੰਜਾਬ ਦੇ ਫੀਲਡ ਅਤੇ ਮੁੱਖ ਦਫਤਰ ਦੇ ਅਧਿਕਾਰੀਆਂ ਦੇ ਮਿਸਾਲੀ ਕੰਮ ਦੀ ਵੀ ਸ਼ਲਾਘਾ ਕੀਤੀ।
ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਆਬਕਾਰੀ ਤੇ ਕਰ ਵਿਭਾਗ ਨੇ ਇਹ ਪ੍ਰਾਪਤੀ ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ ਅਤੇ ਕਮਿਸ਼ਨਰ ਕਰ ਅਰਸ਼ਦੀਪ ਸਿੰਘ ਥਿੰਦ ਦੀ ਸਿੱਧੀ ਨਿਗਰਾਨੀ ਅਤੇ ਰਹਿਨੁਮਾਈ ਹੇਠ ਕੀਤੀ ਹੈ। ਉਨ੍ਹਾਂ ਵਧੀਕ ਕਮਿਸ਼ਨਰ (ਆਡਿਟ) ਰਵਨੀਤ ਸਿੰਘ ਖੁਰਾਣਾ ਅਤੇ ਡੀ.ਸੀ.ਐਫ.ਏ ਹਰਪ੍ਰੀਤ ਕੌਰ ਵੱਲੋਂ ਕੀਤੇ ਗਏ ਯਤਨਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ।
ਵਿੱਤ ਮੰਤਰੀ ਨੇ ਪ੍ਰਮੁੱਖ ਸਕੱਤਰ ਵਿੱਤ ਏ. ਕੇ. ਸਿਨਹਾ, ਸਕੱਤਰ ਖਰਚਾ ਮੁਹੰਮਦ ਤਇਅਬ ਅਤੇ ਵਿਸ਼ੇਸ਼ ਸਕੱਤਰ ਵਿੱਤ ਯਸ਼ਨਜੀਤ ਸਿੰਘ ਸਮੇਤ ਵਿੱਤ ਵਿਭਾਗ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।———–
