ਤਰਨਤਾਰਨ 22,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ‘ਚ ਕੋਰੋਨਾਵਾਇਰਸ ਦੇ ਪੇਂਡੂ ਖੇਤਰਾਂ ‘ਚ ਫੈਲਣ ਤੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਫਤਿਹ 2 ਤਹਿਤ ਇਹ ਅੇੈਲਾਨ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀਆਂ ਟੀਮਾਂ ਹਰੇਕ ਪਿੰਡ ‘ਚ ਕੋਰੋਨਾ ਦੇ ਟੈਸਟ ਕਰਨਗੀਆਂ। ਪਰ ਇਹ ਟੀਮਾਂ ਕਿਸ ਵੇਲੇ ਪਿੰਡਾਂ ‘ਚ ਜਾਣਗੀਆਂ ਇਸ ਦਾ ਇੰਤਜਾਰ ਸਰਹੱਦੀ ਪਿੰਡਾਂ ਦੇ ਲੋਕ ਕਰ ਰਹੇ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਪਿੰਡਾਂ ਨੂੰ ਸਿਰਫ ਆਸ਼ਾ ਵਰਕਰਾਂ ਦੇ ਸਹਾਰੇ ਛੱਡਿਆ ਹੋਇਆ ਹੈ।
ਪਾਕਿਸਤਾਨ ਦੇ ਬਿਲਕੁਲ ਨਾਲ ਲੱਗਦੇ ਤਰਨਤਾਰਨ ਜ਼ਿਲ੍ਹੇ ਦੇ ਵੱਡੇ ਪਿੰਡ ਨੌਸ਼ਹਿਰਾ ਢਾਲਾ ਦੀ 2000 ਦੇ ਕਰੀਬ ਆਬਾਦੀ ਹੈ। ਸਿਹਤ ਸਹੂਲਤਾਂ ਦੇਣ ਦੇ ਨਾਂ ‘ਤੇ ਸਿਹਤ ਵਿਭਾਗ ਵਲੋਂ ਇਥੇ ਵੀ ਸਬ ਕੇਂਦਰ ਸਥਾਪਿਤ ਕੀਤਾ ਹੋਇਆ ਹੈ, ਜੋ 5 ਪਿੰਡਾਂ ਦੀ ਕਰੀਬ 6100 ਆਬਾਦੀ ਨੂੰ ਕਵਰ ਕਰਦਾ ਹੈ। ਇੱਥੇ ਸਰਕਾਰ ਵਲੋਂ ਇਕ ਹੈਲਥ ਵਰਕਰ ਦੇ ਨਾਲ ਇਕ ਏਅੇੈਨਅੇੈਮ ਤਾਇਨਾਤ ਕੀਤੇ ਹਨ, ਜੋ ਮੌਜੂਦਾ ਸਮੇਂ ‘ਚ ਕੋਰੋਨਾ ਦੀ ਟੈਸਟਿੰਗ ਤੇ ਵੈਕਸੀਨੇਸ਼ਨ ਦਾ ਜ਼ਿੰਮਾ ਸੰਭਾਲੇ ਹੋਏ ਹਨ।
ਜਦਕਿ ਇਸ ਤੋਂ ਇਲਾਵਾ ਪੰਜ ਪਿੰਡਾਂ ਓਪੀਡੀ, ਰੂਟੀਨ ਟੀਕਾਕਰਣ, ਜਨਮ ਮਰਨ ਦਾ ਰਿਕਾਰਡ ਆਦਿ ਵੀ ਇੰਨਾਂ ਦੇ ਮੋਢਿਆਂ ‘ਤੇ ਹੀ ਹੈ। ਦੂਜੇ ਪਾਸੇ ਪਿੰਡ ਵਾਸੀਆਂ ਨੇ ਸਿਹਤ ਸਹੂਲਤਾਂ ਨਾ ਅਪੜਨ ਦੀ ਦੁਹਾਈ ਦਿੰਦਿਆਂ ਕਿਹਾ ਕਿ ਬਿਲਕੁੱਲ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਸ਼ਹਿਰ ਨਾਲ ਲੱਗਦੇ ਪਿੰਡਾਂ ਨੂੰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਸਰਕਾਰ ਤਾਂ ਦੂਰ ਦੀ ਗੱਲ ਹੈ, ਲੋਕ ਪਰਮਾਤਮਾ ਦੇ ਸਹਾਰੇ ਹੀ ਬਚੇ ਫਿਰਦੇ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਪਿੰਡ ਹਾਲੇ ਤੱਕ ਕੋਈ ਵੀ ਟੈਸਟਿੰਗ ਕਰਨ ਲਈ ਨਹੀਂ ਪਹੁੰਚਿਆ ਤੇ ਨਾ ਹੀ ਉਨ੍ਹਾਂ ਨੂੰ ਕੋਈ ਉਮੀਦ ਹੈ। ਵੈਸੇ ਵੀ ਜੇ ਕਿਸੇ ਨੂੰ ਮੈਡੀਕਲ ਸੇਵਾਵਾਂ ਦੀ ਲੋੜ ਪੈਂਦੀ ਹੈ ਤਾਂ ਅੰਮ੍ਰਿਤਸਰ, ਜੋ 50 ਕਿਲੋਮੀਟਰ ‘ਤੇ ਹੈ ਜਾਂ ਤਰਨਤਾਰਨ, ਜੋ 40 ਕਿਲੋਮੀਟਰ ਦੂਰ ਹੈ ਤੇ ਪਿੰਡ ਨੂੰ ਜੋੜਨ ਵਾਲੀ ਇਕਮਾਤਰ ਸੜਕ ਤੇ ਬਣਿਆ ਪੁੱਲ ਸਰਕਾਰੀ ਹਾਲਾਤ ਬਿਆਨ ਕਰਦਾ ਹੈ।