
ਚੰਡੀਗੜ, 25 ਜੁਲਾਈ: (ਸਾਰਾ ਯਹਾਂ/ਹਿਤੇਸ਼ ਸ਼ਰਮਾ):
ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਈ ਵਿਧਾਇਕਾਂ ਵੱਲੋਂ ਸਾਹਮਣੇ ਲਿਆਂਦੀਆਂ ਆਮ ਲੋਕਾਂ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਦਾ ਛੇਤੀ ਤੇ ਢੁੱਕਵਾਂ ਹੱਲ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਹੈ। ਸ. ਸੰਧਵਾਂ ਨੇ ਅੱਜ ਇੱਥੇ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਪੰਜਾਬ ਦੇ ਵਿੱਤ, ਟਰਾਂਸਪੋਰਟ, ਸਿਹਤ ਅਤੇ ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਵੱਖ-ਵੱਖ ਬੈਂਕਾਂ ਦੇ ਜ਼ੋਨਲ ਮੈਨੇਜਰਾਂ ਨਾਲ ਇਨ੍ਹਾਂ ਸਮੱਸਿਆਵਾਂ ਦਾ ਸੁਯੋਗ ਨਿਪਟਾਰਾ ਕਰਨ ਲਈ ਵਿਚਾਰ-ਵਟਾਂਦਰਾ ਕੀਤਾ।

ਸ. ਸੰਧਵਾਂ ਨੇ ਦੱਸਿਆ ਕਿ ਸਰਕਾਰੀ ਅਤੇ ਨਿੱਜੀ ਬੈਂਕਾਂ ਵੱਲੋਂ ਕਰਜਾ ਮਨਜ਼ੂਰੀ/ਵੰਡਣ ਸਮੇਂ ਕਰਜ਼ਾ ਲੈਣ ਵਾਲੇ ਵਿਅਕਤੀ ਦਾ ਜਬਰਦਸਤੀ ਬੀਮਾ ਕਰਵਾਇਆ ਜਾਂਦਾ ਹੈ, ਜਦਕਿ ਅਜਿਹਾ ਕੋਈ ਕਾਨੂੰਨ ਨਹੀਂ। ਉਨ੍ਹਾਂ ਜ਼ੋਨਲ ਬੈਂਕ ਮੈਨੇਜ਼ਰਾਂ ਨੂੰ ਕਿਹਾ ਕਿ ਆਮ ਲੋਕਾਂ ਅਤੇ ਕਿਸਾਨਾਂ ਵੱਲੋਂ ਵੱਖ-ਵੱਖ ਕਰਜ਼ੇ ਲੈਣ ਮੌਕੇ ਜਬਰਦਸਤੀ ਬੀਮਾ ਨਾ ਕੀਤਾ ਜਾਵੇ।ਵਿਚਾਰ-ਵਟਾਂਦਰੇ ਦੌਰਾਨ ਬੈਂਕ ਮੈਨੇਜਰਾਂ ਨੇ ਸਪੀਕਰ ਨੂੰ ਦੱਸਿਆ ਕਿਹਾ ਕਿ ਕਰਜ਼ਾ ਲੈਣ ਲਈ ਅਜਿਹੀ ਕੋਈ ਸ਼ਰਤ ਲਾਜ਼ਮੀ ਨਹੀਂ ਕੀਤੀ ਹੈ।

ਸ. ਸੰਧਵਾਂ ਨੇ ਵੱਖ-ਵੱਖ ਬੈਂਕਾਂ ਦੇ ਜ਼ੋਨਲ ਮੈਨੇਜਰਾਂ ਨੂੰ ਕਿਹਾ ਕਿ ਉਹ ਆਪਣੀਆਂ ਸਬੰਧਤ ਬੈਂਕਾਂ ‘ਚ ਕਰਜ਼ਾ ਲੈਣ ਲਈ ਬੀਮਾ ਕਰਵਾਉਣਾ ਲਾਜ਼ਮੀ ਨਹੀਂ ਹੈ, ਆਦਿ ਲਿਖ ਕੇ ਸਹੀ ਢੰਗ ਨਾਲ, ਢੁਕਵੀਂ ਥਾਂ ‘ਤੇ ਡਿਸਪਲੇਅ ਕਰਨ ਅਤੇ ਕਰਜ਼ਾ ਲੈਣ ਲਈ ਸਬੰਧਤ ਹਦਾਇਤਾਂ ਦਾ ਪੰਜਾਬੀ ਅਨੁਵਾਦ ਕਰਕੇ ਕਰਜ਼ਾ ਲੈਣ ਵਾਲੇ ਵਿਅਕਤੀ ਨੂੰ ਦੇਣਾ ਯਕੀਨੀ ਬਣਾਉਣ।

ਇਸ ਮੌਕੇ ਵਿਧਾਇਕ ਅਮੋਲਕ ਸਿੰਘ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ, ਵਿਧਾਇਕ ਸ. ਬਲਕਾਰ ਸਿੱਧੂ, ਪ੍ਰਮੁੱਖ ਸਕੱਤਰ ਵਿੱਤ ਸ੍ਰੀ ਅਜੌਏ ਸਿਨਹਾ, ਪ੍ਰਮੁੱਖ ਸਕੱਤਰ ਸਿਹਤ ਸ੍ਰੀ ਵਿਵੇਕ ਪ੍ਰਤਾਪ ਸਿੰਘ, ਸਕੱਤਰ ਟਰਾਂਸਪੋਰਟ ਸ੍ਰੀ ਦਿਲਰਾਜ ਸਿੰਘ ਸੰਧਾਵਾਲੀਆ, ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ, ਆਈ.ਜੀ. ਸੁਰੱਖਿਆ ਸ੍ਰੀ ਸ਼ਿਵ ਕੁਮਾਰ ਵਰਮਾ, ਪੰਜਾਬ ਵਿਧਾਨ ਸਭਾ ਸਕੱਤਰ ਸ੍ਰੀ ਰਾਮ ਲੋਕ ਖਟਾਣਾ, ਰਜਿਸਟਰਾਰ ਕੋਪ੍ਰੇਟਿਵ ਸੁਸਾਇਟਜ਼਼, ਐਮ.ਡੀ. ਪੰਜਾਬ ਰਾਜ ਸਹਿਕਾਰੀ ਬੈਂਕ, ਜ਼ੋਨਲ ਮੈਨਜਰ ਸਟੇਟ ਬੈਂਕ ਆਫ਼ ਇੰਡੀਆ, ਜ਼ੋਨਲ ਮੈਨਜਰ ਪੰਜਾਬ ਨੈਸ਼ਨਲ ਬੈਂਕ, ਜ਼ੋਨਲ ਮੈਨਜਰ ਐਚ.ਡੀ.ਐਫ.ਸੀ. ਅਤੇ ਜ਼ੋਨਲ ਮੈਨਜਰ ਆਈ.ਸੀ.ਆਈ.ਸੀ.ਆਈ. ਆਦਿ ਹਾਜ਼ਰ ਸਨ।
