
ਸੰਗਰੂਰ 27,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਸਰਕਾਰ ‘ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਚਾਰ ਸਾਲ ਹੋ ਗਏ ਤੇ ਆਖਰੀ ਸਾਲ ‘ਚ ਵੀ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਸਰਕਾਰ ਬਣਾਉਣ ਤੋਂ ਪਹਿਲਾਂ ਕੈਪਟਨ ਨੇ ਵੱਡੇ-ਵੱਡੇ ਵਾਅਦੇ ਕੀਤ ਸਨ ਪਰ ਨਿਭਾਇਆ ਕੋਈ ਵੀ ਨਹੀਂ। ਭਗਵੰਤ ਮਾਨ ਸੰਗਰੂਰ ‘ਚ ਇਕ ਧਾਰਮਿਕ ਸਮਾਗਮ ‘ਚ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਬਜਟ ਸੈਸ਼ਨ ‘ਚ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਨੂੰ ਘੇਰੇਗੀ ਤੇ ਸਰਕਾਰ ਦਾ ਵਿਰੋਧ ਕਰਾਂਗੇ। ਉਨ੍ਹਾਂ ਇਲਜ਼ਾਮ ਲਾਇਆ ਕਿ ਪੰਜਾਬ ਸਰਕਾਰ ਨੇ ਅੰਦੋਲਨ ‘ਚ ਵੀ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਨਾ ਪੰਜਾਬ ਸਰਕਾਰ ਤੇ ਨਾ ਹੀ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਕੁਝ ਕੀਤਾ ਸਿਰਫ਼ ਬਿਆਨਾਂ ਨਾਲ ਹੀ ਸਾਰਿਆ ਜਾ ਰਿਹਾ ਹੈ।
ਕੋਰੋਨਾ ‘ਤੇ ਨਿਯਮਾਂ ਦੀ ਪਾਲਣਾ ਦੇ ਮਸਲੇ ‘ਤੇ ਬੋਲਦਿਆਂ ਮਾਨ ਨੇ ਕਿਹਾ ਹਾਲ ਹੀ ‘ਚ ਕੈਪਟਨ ਦੀ ਪੋਤੀ ਦਾ ਵਿਆਹ ਹੋਇਆ ਜਿਸ ‘ਚ ਕੋਰੋਨਾ ਦਾ ਕੋਈ ਡਰ ਦੇਖਣ ਨੂੰ ਨਹੀਂ ਮਿਲਿਆ। ਜਿਸ ਤੋਂ ਪਤਾ ਲੱਗਦਾ ਹੈ ਕਿ ਨਿਯਮਾਂ ਦਾ ਪਾਲਣ ਕਰਨ ਦੀ ਆਮ ਲੋਕਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਜਦਕਿ ਖੁਦ ਸਰਕਾਰ ਨਿਯਮਾਂ ਦਾ ਪਾਲਣ ਨਹੀਂ ਕਰ ਰਹੀ।
