ਗੁਰਦਾਸਪੁਰ 07 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਸੁਨਹਿਰਾ ਭਵਿੱਖ ਬਣਾਉਣ ਲਈ ਵਿਦੇਸ਼ ਵਿੱਚ ਗਏ ਗੁਰਦਾਸਪੁਰ (Gurdaspur) ਦੇ ਪਿੰਡ ਆਲਮਾਂ ਦੇ 33 ਸਾਲਾਂ ਦੇ ਨੌਜਵਾਨ ਜਰਨੈਲ ਸਿੰਘ (Jarnail Singh) ਦੀ ਅਮਰੀਕਾ (America) ਵਿਚ ਦਿਲ ਦਾ ਦੌਰਾ (Death due to Heath Attack) ਪੈਣ ਕਾਰਨ ਮੌਤ ਹੋ ਗਈ। ਉਸ ਦੀ ਮੌਤ ਦਾ ਸਮਾਚਾਰ ਮਿਲਣ ਮਗਰੋਂ ਪਿੰਡ ਵਿੱਚ ਸੋਗ ਦੀ ਲਹਿਰ ਹੈ। ਨਾਲ ਹੀ ਮ੍ਰਿਤਕ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਬੇਸਹਾਰਾ ਮਾਂ ਅਤੇ ਪਤਨੀ ਨੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ (Sunny Deol) ਅਤੇ ਰਾਜਸਭਾ ਮੈਂਬਰ
ਪ੍ਰਤਾਪ ਬਾਜਵਾ (Pratap Bajwa) ਨੂੰ ਮ੍ਰਿਤਕ ਦੀ ਲਾਸ਼ ਜਲਦ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਸੁਖਵੰਤ ਕੌਰ ਅਤੇ ਪਿੰਡ ਦੇ ਮੋਹਤਬਰਾਂ ਨੇ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਬਲਵਿੰਦਰ ਸਿੰਘ ਸਾਲ 2016 ਵਿਚ ਅਮਰੀਕਾ ਰੁਜ਼ਗਾਰ ਲਈ ਗਿਆ ਸੀ। ਜਿੱਥੇ ਉਹ ਕੈਲੇਫੋਰਨੀਆ ਸਟੇਟ ਵਿੱਚ ਟਰੱਕ ਚਲਾ ਕੇ ਆਪਣਾ ਰੁਜ਼ਗਾਰ ਕਰਦਾ ਅਤੇ ਨਾਲ ਹੀ ਪਰਿਵਾਰ ਨੂੰ ਵੀ ਪਾਲ ਰਿਹਾ ਸੀ। ਪਰ 2 ਦਿਨ ਪਹਿਲਾਂ ਜਰਨੈਲ ਸਿੰਘ ਦੀ ਫਰਾਂਸਿਸਕੋ ਕੋਲ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਹੁਣ ਮ੍ਰਿਤਕ ਦੀ ਮਾਤਾ ਪਤਨੀ ਅਤੇ ਪਿੰਡ ਵਾਸੀਆਂ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਲੋਕ ਸਭਾ ਮੈਂਬਰ ਸੰਨੀ ਦਿਓਲ ਕੋਲੋਂ ਮੰਗ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਦੇ ਦਖਲ ਨਾਲ ਅਮਰੀਕਾ ਵਿਚ ਪਈ ਜਰਨੈਲ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਭਿਜਵਾਉਣ ਦਾ ਪ੍ਰਬੰਧ ਕਰਵਾਉਣ। ਜਰਨੈਲ ਸਿੰਘ ਦੀ ਮੌਤ ਨਾਲ ਪਿੰਡ ਆਲਮਾ ਅਤੇ ਨੇੜਲੇ ਪਿੰਡਾਂ ਵਿੱਚ ਸੋਗ ਦੀ ਲਹਿਰ ਹੈ।