ਚੰਡੀਗੜ੍ਹ, 6 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ) : ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਨਾਂ ਇਕ ਹੋਰ ਪ੍ਰਾਪਤੀ ਜੁੜ ਗਈ ਹੈ। ਪੰਜਾਬ ਦੇ ਸਾਰੇ ਪਿੰਡਾਂ ਦੇ ਸਾਰੇ ਘਰਾਂ ਨੂੰ ਟੂਟੀ ਰਾਹੀਂ ਪਾਣੀ ਦੀ ਸਪਲਾਈ ਸਬੰਧੀ ਟੀਚਾ ਪ੍ਰਾਪਤ ਹੋਣ ਉਪਰੰਤ ਕੇਂਦਰੀ ਜਲ ਸ਼ਕਤੀ ਮੰਤਰਾਲੇ ਵਲੋਂ ਪੰਜਾਬ ਨੂੰ 100 ਫੀਸਦੀ ਸਰਟੀਫਾਈ (ਤਸਦੀਕ) ਕੀਤਾ ਗਿਆ ਹੈ।
ਜਿੰਪਾ ਨੇ ਦੱਸਿਆ ਕਿ ਜਲ ਜੀਵਨ ਮਿਸ਼ਨ ਕੇਂਦਰ ਸਰਕਾਰ ਵੱਲੋਂ ਆਰੰਭ ਕੀਤਾ ਗਿਆ ਦੇਸ਼ ਵਿਆਪੀ ਪ੍ਰੋਗਰਾਮ ਹੈ, ਜਿਸ ਦੇ ਅਧੀਨ 2024 ਤੱਕ ਸਮੂਹ ਰਾਜਾਂ ਦੇ ਹਰ ਘਰ ਦੇ ਵਿੱਚ ਪਾਈਪ ਰਾਹੀਂ ਪਾਣੀ ਸਪਲਾਈ ਦਿੱਤੀ ਜਾਣੀ ਹੈ ਅਤੇ ਪੰਜਾਬ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਨੇ ਇਹ ਮੀਲ ਪੱਥਰ ਮਾਰਚ 2023 ਵਿੱਚ ਪ੍ਰਾਪਤ ਕਰਕੇ ਦੇਸ਼ ਦਾ ਛੇਵਾਂ ਰਾਜ ਹੋਣ ਦਾ ਰੁਤਬਾ ਪ੍ਰਾਪਤ ਕਰ ਲਿਆ ਹੈ।
ਇਸ ਮੌਕੇ ਜਿੰਪਾ ਨੇ ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਲਈ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਜਲ ਸ਼ਕਤੀ ਮੰਤਰੀ ਵਲੋ ਦਿੱਤੀ ਗਈ ਯੋਗ ਅਗਵਾਈ ਅਤੇ ਸਮੱਰਥਨ ਦਾ ਉਚੇਚੇ ਤੌਰ ‘ਤੇ ਧਿੰਨਵਾਦ ਕੀਤਾ।
ਜਿੰਪਾ ਨੇ ਦੱਸਿਆ ਕਿ ਪਿੰਡਾਂ ਵਿੱਚ ਜਲ ਸਪਲਾਈ ਦਾ ਮਿਆਰ ਉੱਚਾ ਚੁੱਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵੱਖ-ਵੱਖ ਸਕੀਮਾਂ ਰਾਹੀਂ ਪਾਣੀ ਦੀ ਉਪਲੱਬਧਤਾ ਅਤੇ ਗੁਣਵੱਤਾ ਦਾ ਸੰਪੂਰਨ ਧਿਆਨ ਰੱਖਦੇ ਹੋਏ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਆਮ ਲੋਕਾਂ ਨੂੰ ਪਾਣੀ ਰਾਹੀਂ ਹੋਣ ਵਾਲੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕੇ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਗਾਤਾਰ ਉਪਰਾਲੇ ਕਰ ਰਹੀ ਹੈ ਕਿ ਜਿਹੜੇ ਇਲਾਕਿਆਂ ਵਿੱਚ ਧਰਤੀ ਹੇਠਲਾ ਪਾਣੀ ਥੱਲੇ ਚਲਿਆ ਗਿਆ ਹੈ ਜਾਂ ਦੂਸ਼ਿਤ ਹੋ ਗਿਆ ਹੈ ਉੱਥੇ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ। ਇਸ ਮਕਸਦ ਲਈ ਬਹੁਤ ਸਾਰੀਆਂ ਨਵੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ।
ਕਾਬਿਲੇਗੌਰ ਹੈ ਕਿ ਭਾਰਤ ਸਰਕਾਰ ਦੀ ਜਲ ਜੀਵਨ ਮਿਸ਼ਨ ਸਕੀਮ ਅਧੀਨ ਕਿਸੇ ਵੀ ਪਿੰਡ ਨੂੰ ਸਰਟੀਫਾਈ ਪਿੰਡ ਹੋਣ ਲਈ ਗ੍ਰਾਮ ਸਭਾ ਦਾ ਇਜਲਾਸ ਕਰਕੇ ਗ੍ਰਾਮ ਸਭਾ ਦਾ ਮਤਾ, ਗ੍ਰਾਮ ਸਭਾ ਦੀ ਮੀਟਿੰਗ ਦੀ ਕਾਰਵਾਈ ਦੀ ਵੀਡਿਓਗ੍ਰਾਫੀ ਅਤੇ ਨਾਲ ਹੀ ਵਿਭਾਗ ਦੇ ਅਧਿਕਾਰੀ ਵਲੋਂ ਦਿੱਤੇ ਗਏ ਸਰਟੀਫਿਕੇਟ ਦੀ ਕਾਪੀ ਭਾਰਤ ਸਰਕਾਰ ਦੇ ਪੋਰਟਲ ‘ਤੇ ਅਪਲੋਡ ਕਰਨੀ ਹੁੰਦੀ ਹੈ। ਪੰਜਾਬ ਦੇ ਸਾਰੇ 11,900 ਪਿੰਡਾਂ ਦੀ ਸਰਟੀਫਿਕੇਸ਼ਨ 6 ਅਪ੍ਰੈਲ, 2023 ਨੂੰ ਹੋਣ ਤੋਂ ਬਾਅਦ ਪੰਜਾਬ ‘ਹਰ ਘਰ ਜਲ ਸਰਟੀਫਾਈਡ’ ਰਾਜ ਬਣ ਗਿਆ ਹੈ।
——–