ਅੰਮ੍ਰਿਤਸਰ 01,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ): ਪੰਜਾਬ ਦੇ ਨਵ-ਨਿਯੁਕਤ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਪਣਾ ਕਾਰਜਭਾਰ ਸੰਭਾਲਣ ਤੋਂ ਬਾਅਦ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੀਸ ਨਿਵਾਇਆ। ਉਨ੍ਹਾਂ ਨੇ ਸ਼ਰਧਾ ਸਹਿਤ ਕੜਾਹ ਪ੍ਰਸ਼ਾਦ ਦੀ ਦੇਗ ਭੇਟ ਕਰਕੇ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਤੇ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੂੰ ਸੂਚਨਾ ਕੇਂਦਰ ਦੇ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਤੇ ਮਰਿਆਦਾ ਬਾਰੇ ਜਾਣਕਾਰੀ ਦਿੱਤੀ ਗਈ।
81 ਸਾਲ ਦੇ ਬਨਵਾਰੀ ਲਾਲ ਪੁਰੋਹਿਤ ਨੇ ਮੰਗਲਵਾਰ ਨੂੰ ਹੀ ਪੰਜਾਬ ਦੇ ਰਾਜਪਾਲ ਦੇ ਤੌਰ ਉੱਤੇ ਸਹੁੰ ਚੁੱਕੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਰਵੀ ਸ਼ੰਕਰ ਝਾਅ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹੋਣਗੇ। ਉਨ੍ਹਾਂ ਤੋਂ ਪਹਿਲਾਂ ਵੀਪੀ ਸਿੰਘ ਬਦਨੌਰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸਨ।
ਉਨ੍ਹਾਂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਹੁਣ ਬਨਵਾਰੀ ਲਾਲ ਪੁਰੋਹਿਤ ਦੀ ਨਿਯੁਕਤੀ ਹੋਈ ਹੈ। ਉਹ ਵਰਤਮਾਨ ਵਿਚ ਤਾਮਿਲਨਾਡੂ ਦੇ ਵੀ ਰਾਜਪਾਲ ਹਨ। ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਵਧੇਰੇ ਭਾਰ ਸੌਂਪਿਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦਾ ਅਧਿਕਾਰੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਚ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਗੋਲਡਨ ਮਾਡਲ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਐੱਸਜੀਪੀਸੀ ਦੇ ਜਨਰਲ ਸਕੱਤਰ ਭਗਵੰਤ ਸਿੰਘ, ਮੈਂਬਰ ਭਾਈ ਰਾਮ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਸੁਰਜੀਤ ਸਿੰਘ ਮੌਜੂਦ ਸਨ। ਉਨ੍ਹਾਂ ਨੇ ਰਾਜਪਾਲ ਦਾ ਪ੍ਰੋਟੋਕਾਲ ਦੇ ਅਨੁਸਾਰ ਸਵਾਗਤ ਕੀਤਾ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇਸ ਤੋਂ ਬਾਅਦ ਦੁਰਗਿਆਨਾ ਤੀਰਥ ਵਿੱਚ ਵੀ ਨਤਮਸਤਕ ਹੋਣ ਲਈ ਰਵਾਨਾ ਹੋਏ।