ਚੰਡੀਗੜ੍ਹ 25,ਅਗਸਤ (ਸਾਰਾ ਯਹਾਂ /ਬਿਊਰੋ ਰਿਪੋਰਟ) : ਪੰਜਾਬ ‘ਚ ਕਾਂਗਰਸ ਪਾਰਟੀ ਦੀਆਂ ਮੁਸ਼ਕਲਾਂ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ। ਇੱਕ ਪਾਸੇ ਸੂਬੇ ‘ਚ ਕੁਝ ਮਹੀਨਿਆਂ ‘ਚ ਵਿਧਾਨ ਸਭਾ ਦੀਆਂ ਚੋਣਾਂ ਹਨ ਤੇ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਗਾਵਤੀ ਸੁਰ ਲਗਾਤਾਰ ਤੂਲ ਫੜ ਰਹੇ ਹਨ।
ਖ਼ਬਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਕਾਂਗਰਸੀ ਧੜੇ ਨੇ ਸੀਐਲਪੀ ਦੀ ਮੀਟਿੰਗ ਤੁਰੰਤ ਬੁਲਾਉਣ ਦੀ ਮੰਗ ਕੀਤੀ ਹੈ। ਮੰਗ ਕੀਤੀ ਜਾ ਰਹੀ ਹੈ ਕਿ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਦੀ ਮੀਟਿੰਗ ਬੁਲਾਉਣ ਤੇ ਏਆਈਸੀਸੀ ਦੇ ਆਬਜ਼ਰਵਰ ਦੀ ਮੌਜੂਦਗੀ ਵਿੱਚ ਵਿਧਾਇਕਾਂ ਦੀਆਂ ਸ਼ਿਕਾਇਤਾਂ ਸੁਣਨ।
ਇਸ ਦੇ ਨਾਲ ਹੀ ਇਨ੍ਹਾਂ ਵਿਧਾਇਕਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਮੀਟਿੰਗ ਨਹੀਂ ਬੁਲਾਉਂਦੇ ਤਾਂ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਨੂੰ ਕਾਂਗਰਸੀ ਵਿਧਾਇਕਾਂ ਦੀ ਮੀਟਿੰਗ ਬੁਲਾਉਣੀ ਚਾਹੀਦੀ ਹੈ।
ਕੈਪਟਨ ਦਾ ਵਿਰੋਧੀ ਖੇਮਾ ਦਿੱਲੀ ਜਾ ਕੇ ਹਾਈਕਮਾਂਡ ਦੇ ਸਾਹਮਣੇ ਇਹ ਮੰਗ ਰੱਖੇਗਾ। ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਨੇ ਕਿਹਾ ਕਿ ਦੇਹਰਾਦੂਨ ਵਿੱਚ ਹਰੀਸ਼ ਰਾਵਤ ਨਾਲ ਮੁਲਾਕਾਤ ਕਰਨ ਤੋਂ ਬਾਅਦ ਪਾਰਟੀ ਹਾਈ ਕਮਾਂਡ ਨਾਲ ਮੀਟਿੰਗ ਕਰਕੇ ਫੈਸਲਾ ਕੀਤਾ ਜਾਵੇਗਾ। ਕੈਪਟਨ ਵਿਰੁੱਧ ਬਗਾਵਤ ਕਰਨ ਵਾਲੇ ਮੰਤਰੀ ਤੇ ਵਿਧਾਇਕ ਆਰ-ਪਾਰ ਦੀ ਲੜਾਈ ਦੇ ਮੂਡ ਵਿੱਚ ਨਜ਼ਰ ਆ ਰਹੇ ਹਨ।
ਇਹ ਮੁੱਖ ਮੰਤਰੀ ਨੂੰ ਹਟਾਉਣ ਦੀ ਕੋਸ਼ਿਸ਼ ਨਹੀਂ, ਲੋਕਾਂ ਦੀ ਮੰਗ ਹੈ- ਬਾਜਵਾ
ਇਹ ਪੁੱਛੇ ਜਾਣ ‘ਤੇ ਕਿ ਕੀ ਮੁੱਖ ਮੰਤਰੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬਾਜਵਾ ਨੇ ਕਿਹਾ ਕਿ ਇਹ ਕੋਸ਼ਿਸ਼ ਨਹੀਂ ਬਲਕਿ ਲੋਕਾਂ ਦੀ ਮੰਗ ਹੈ। ਮੁੱਖ ਮੰਤਰੀ ਦੇ ਨਵੇਂ ਚਿਹਰੇ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਬਾਜਵਾ ਨੇ ਕਿਹਾ ਕਿ ਇਹ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਲਿਆ ਜਾਵੇਗਾ। ਬਾਜਵਾ ਨੇ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਲਈ ਸਮਾਂ ਮੰਗਣਗੇ ਅਤੇ ਉਨ੍ਹਾਂ ਨੂੰ ਸੂਬੇ ਦੀ ਰਾਜਨੀਤਕ ਸਥਿਤੀ ਤੋਂ ਜਾਣੂ ਕਰਵਾਉਣਗੇ।
ਨਵਜੋਤ ਸਿੰਘ ਸਿੱਧੂ ਨੇ ਕਿਹਾ- ਮੈਂ ਹਾਈਕਮਾਨ ਨੂੰ ਸੂਚਿਤ ਕਰਾਂਗਾ
ਬਾਅਦ ਵਿੱਚ ਬਾਜਵਾ, ਚੰਨੀ, ਰੰਧਾਵਾ ਅਤੇ ਕੁਝ ਹੋਰ ਵਿਧਾਇਕ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਭਵਨ ਵਿੱਚ ਮਿਲੇ। ਇਸ ਤੋਂ ਬਾਅਦ ਸਿੱਧੂ ਨੇ ਟਵੀਟ ਕੀਤਾ ਅਤੇ ਕਿਹਾ, ‘ਤ੍ਰਿਪਤ ਬਾਜਵਾ ਜੀ ਨੂੰ ਐਮਰਜੈਂਸੀ ਮੀਟਿੰਗ ਲਈ ਬੁਲਾਇਆ ਗਿਆ। ਹੋਰ ਸਾਥੀਆਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਵਿਖੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਮੈਂ ਹਾਈ ਕਮਾਂਡ ਨੂੰ ਸਥਿਤੀ ਬਾਰੇ ਜਾਣੂ ਕਰਾਵਾਂਗਾ।”
ਸਿੱਧੂ ਦੀ ਨਿਯੁਕਤੀ ਨਾਲ ਸੂਬਾਈ ਇਕਾਈ ਵਿੱਚ ਅਸੰਤੁਸ਼ਟੀ ਨੂੰ ਦੂਰ ਕਰਨ ਦੀਆਂ ਕਾਂਗਰਸ ਦੀਆਂ ਹਾਲੀਆ ਕੋਸ਼ਿਸ਼ਾਂ ਅਸਫਲ ਨਜ਼ਰ ਆ ਰਹੀਆਂ ਹਨ ਅਤੇ ਇਸ ਵਿਕਾਸ ਨਾਲ ਸੂਬੇ ਇਕਾਈ ਵਿੱਚ ਸੰਕਟ ਹੋਰ ਡੂੰਘਾ ਹੋਣ ਦੀ ਉਮੀਦ ਹੈ।