ਜਲੰਧਰ: ਪੰਜਾਬ (Punjab) ਦੇ ਜ਼ਿਲ੍ਹਾ ਜਲੰਧਰ ਦੀ ਸਭ ਤੋਂ ਬਜ਼ੁਰਗ ਬੇਬੇ ਬਸੰਤ ਕੌਰ (132 years old Basant Kaur) ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਪਰਿਵਾਰਕ ਮੈਂਬਰਾਂ ਮੁਤਾਬਰ ਬੇਬੇ ਦੀ ਉਮਰ 132 ਸਾਲ ਸੀ, ਜਦੋਂਕਿ ਵੋਟਰ ਕਾਰਡ ਵਿੱਚ ਉਸ ਦੀ ਉਮਰ 124 ਸਾਲ ਸੀ। ਹਾਲਾਂਕਿ ਦੋਵਾਂ ਮੁਤਾਬਕ, ਉਹ ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ (Oldest Woman in Punjab Died) ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੂੰ ਆਖਰੀ ਸਮੇਂ ਕੋਈ ਦਰਦ ਮਹਿਸੂਸ ਨਹੀਂ ਹੋਇਆ, ਸਿਰਫ ਛਾਤੀ ਵਿੱਚ ਹਲਕਾ ਜਿਹਾ ਦਰਦ ਹੋਇਆ ਤੇ ਉਨ੍ਹਾਂ ਨੇ ਆਖਰੀ ਸਾਹ ਲਿਆ।
ਦਰਅਸਲ, ਬਸੰਤ ਕੌਰ ਜਲੰਧਰ (Jalandhar) ਜ਼ਿਲ੍ਹੇ ਦੇ ਪਿੰਡ ਸੱਬੂਵਾਲ ਦੀ ਵਸਨੀਕ ਸੀ। ਹੈਰਾਨੀ ਦੀ ਗੱਲ ਹੈ ਕਿ ਉਹ ਕਦੇ ਡਾਕਟਰ ਕੋਲ ਨਹੀਂ ਗਏ। ਇੰਨੀ ਉਮਰ ਹੋਣ ਦੇ ਬਾਅਦ ਵੀ ਉਨ੍ਹਾਂ ਨੂੰ ਮਠਿਆਈਆਂ ਖਾਣਾ ਬਹੁਤ ਪਸੰਦ ਸੀ। ਨਾ ਤਾਂ ਉਸ ਨੂੰ ਕੋਈ ਸ਼ੂਗਰ ਸੀ ਤੇ ਨਾ ਹੀ ਉਸਨੂੰ ਬਲੱਡ ਪ੍ਰੈਸ਼ਰ ਦੀ ਕੋਈ ਸਮੱਸਿਆ ਸੀ। ਦੱਸਿਆ ਜਾਂਦਾ ਹੈ ਕਿ ਬੁੱਧਵਾਰ ਨੂੰ ਉਨ੍ਹਾਂ ਨੇ ਪਰਿਵਾਰ ਦੇ ਨਾਲ ਰਾਤ ਦਾ ਖਾਣਾ ਖਾਧਾ। ਫਿਰ ਕੁਝ ਸਮੇਂ ਬਾਅਦ ਪਾਣੀ ਪੀਤਾ ਤੇ 15 ਮਿੰਟ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਦੱਸ ਦੇਈਏ ਕਿ ਉਸਦੇ ਪਤੀ ਜਵਾਲਾ ਸਿੰਘ ਦੀ 1995 ਵਿੱਚ 105 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਇੰਨਾ ਹੀ ਨਹੀਂ ਉਸ ਦੇ ਪੰਜ ਬੱਚਿਆਂ ਦੀ ਵੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦਾ ਸਭ ਤੋਂ ਵੱਡਾ ਪੁੱਤਰ ਵੀ 95 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਛੱਡ ਗਿਆ ਸੀ। ਉਹ ਅਕਸਰ ਆਪਣੇ ਆਪ ਲਈ ਕਹਿੰਦੇ ਸੀ ਕਿ ਸ਼ਾਇਦ ਰੱਬ ਮੈਨੂੰ ਭੁੱਲ ਗਿਆ ਹੈ, ਜੋ ਅਜੇ ਵੀ ਜਿੰਦਾ ਹੈ। ਮੇਰੀ ਉਮਰ ਤਾਂ ਕਦੋਂ ਦੀ ਹੋ ਗਈ ਹੈ? ਮੇਰੇ ਬਾਅਦ ਦੀਆਂ ਦੋ ਪੀੜ੍ਹੀਆਂ ਖ਼ਤਮ ਹੋ ਗਈਆਂ ਹਨ, ਪਰ ਮੈਂ ਕਦੋਂ ਜਾਵਾਂਗੀ।
ਬਸੰਤ ਕੌਰ ਤਿੰਨ ਸਦੀਆਂ ਦੇਖਣ ਵਾਲੀ ਦੇਸ਼ ਦੀ ਪਹਿਲੀ ਔਰਤ ਹੈ। ਜਿਹੜੇ 19ਵੀਂ ਸਦੀ ਵਿੱਚ ਪੈਦਾ ਹੋਏ ਤੇ 20ਵੀਂ ਸਦੀ ਵਿੱਚ ਵਿਆਹੇ ਹਏ। 21ਵੀਂ ਸਦੀ ਨੂੰ ਵੇਖਦਿਆਂ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਿਹਾ। ਉਨ੍ਹਾਂ ਨੇ ਬ੍ਰਿਟਿਸ਼ ਰਾਜ ਤੋਂ ਲੈ ਕੇ ਭਾਰਤ-ਪਾਕਿਸਤਾਨ ਵੰਡ ਤੱਕ ਦਾ ਸਮਾਂ ਵੀ ਵੇਖਿਆ ਹੈ। ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ 1947 ਵਿੱਚ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਉਹ ਆਪਣੇ ਬੱਚਿਆਂ ਨਾਲ ਪੇਕੇ ਚਲੀ ਗਈ ਸੀ। ਜਦੋਂ ਅਸੀਂ ਵਾਪਸ ਆਏ ਤਾਂ ਸਾਡੇ ਮੁਸਲਿਮ ਗੁਆਂਢੀ ਪਾਕਿਸਤਾਨ ਚਲੇ ਗਏ ਸੀ।
ਦੱਸ ਦੇਈਏ ਕਿ ਬਸੰਤ ਕੌਰ ਆਪਣੇ ਪੂਰੇ ਪਰਿਵਾਰ ਨੂੰ ਪਿੱਛੇ ਛੱਡ ਗਈ ਹੈ। ਉਸਦੇ ਪਰਿਵਾਰ ਵਿੱਚ 12 ਪੋਤੇ ਅਤੇ 13 ਪੋਤੀਆਂ ਹਨ। ਉਨ੍ਹਾਂ ਦੇ ਅੱਗੇ 5 ਪੜਪੋਤੇ ਤੇ 3 ਪੜਪੋਤੀਆਂ ਹਨ। ਉਨ੍ਹਾਂ ਦੇ ਵੀ ਅੱਗੇ ਬੱਚੇ ਹਨ। ਉਸਦਾ ਇੱਕ ਪੋਤਾ ਹੈ ਜੋ ਅਮਰੀਕਾ ਵਿੱਚ ਰਹਿੰਦਾ ਹੈ। ਉਹ ਪਰਿਵਾਰ ਵਿੱਚ 5ਵੀਂ ਪੀੜ੍ਹੀ ਦੇ ਨਾਲ ਰਹਿ ਰਹੀ ਸੀ। ਉਨ੍ਹਾਂ ਦਾ ਪੁੱਤਰ ਸਰਦਾਰਾ ਕਹਿੰਦਾ ਹੈ ਕਿ ਬੇਬੇ ਕਦੇ ਬਿਮਾਰ ਨਹੀਂ ਹੋਈ, ਕੋਰੋਨਾ ਦੀਆਂ ਦੋਵੇਂ ਲਹਿਰਾਂ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕੀਆਂ।