ਚੰਡੀਗੜ੍ਹ 05,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿੱਚ ਇਸ ਵਾਰ ਰੱਜ ਕੇ ਪਟਾਕੇ (FireCrackers in Punjab) ਚਲਾਏ ਗਏ। ਇਸ ਕਰਕੇ ਅੱਜ ਦਿਨ ਚੜ੍ਹਦਿਆਂ ਹੀ ਹਵਾ ਵਿੱਚ ਜ਼ਹਿਰ (poison in air) ਘੁਲਿਆ ਵੇਖਣ ਨੂੰ ਮਿਲਿਆ। ਖਰਾਬ ਆਬੋ-ਹਵਾ ਨੂੰ ਵੇਖਦਿਆਂ ਸਿਹਤ ਵਿਭਾਗ (health department) ਨੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ। ਸਿਹਤ ਵਿਭਾਗ ਨੇ ਕਿਹਾ ਕਿ ਦੀਵਾਲੀ ਦੇ ਜਸ਼ਨਾਂ ਕਾਰਨ ਹਵਾ ਪ੍ਰਦੂਸ਼ਨ (Air Pollution) ਬੇਹੱਦ ਵਧ ਗਿਆ ਹੈ। ਇਹ ਸਿਹਤ ਲਈ ਘਾਤਕ ਹੋ ਸਕਦਾ ਹੈ।
ਸਿਹਤ ਵਿਭਾਗ ਮੁਤਾਬਕ ਜਲੰਧਰ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਬਹੁਤ ਮਾੜਾ ਹੈ, ਜਦੋਂਕਿ ਪਟਿਆਲਾ, ਲੁਧਿਆਣਾ ਤੇ ਅੰਮ੍ਰਿਤਸਰ ਵਿੱਚ ਵੀ ਹਵਾ ਬਹੁਤੀ ਸਾਫ਼ ਨਹੀਂ।ਰੋਪੜ ਰਾਜ ਦਾ ਇਕਲੌਤਾ ਜ਼ਿਲ੍ਹਾ ਹੈ, ਜੋ ਗ੍ਰੀਨ ਜ਼ੋਨ (ਤਸੱਲੀਬਖਸ਼) ਸ਼੍ਰੇਣੀ ਵਿੱਚ ਹੈ।
ਨੈਸ਼ਨਲ ਪ੍ਰੋਗਰਾਮ ਫਾਰ ਕਲਾਈਮੇਟ ਚੇਂਜ ਐਂਡ ਹਿਊਮਨ ਹੈਲਥ ਦੇ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇ ਕਿਹਾ ਕਿ ਦਮੇ ਦੇ ਮਰੀਜ਼ਾਂ ਨੂੰ ਹਰ ਸਮੇਂ ਆਪਣੇ ਨਾਲ ਇਨਹੇਲਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਹ ਲੈਣ ਵਿੱਚ ਤਕਲੀਫ਼ ਤੋਂ ਪੀੜਤ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ।
ਦੱਸ ਦਈਏ ਕਿ ਇਸ ਵਾਰ ਹਰਿਆਣਾ ਤੇ ਦਿੱਲੀ ਵਿੱਚ ਬੈਨ ਲੱਗਣ ਕਰਕੇ ਵੱਡੇ ਪੱਧਰ ਵਿੱਚ ਪਟਾਕੇ ਪੰਜਾਬ ਪਹੁੰਚੇ। ਉਧਰ, ਦੀਵਾਲੀ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੁਲਿਸ ਨੂੰ ਹਦਾਇਤ ਕੀਤੀ ਸੀ ਕਿ ਪਟਾਕੇ ਵੇਚਣ ਵਾਲਿਆਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਇਸ ਲਈ ਇਸ ਵਾਰ ਕਰਿਆਨੇ ਦੀਆਂ ਦੁਕਾਨਾਂ ਵਾਲਿਆਂ ਨੇ ਵੀ ਰੱਜ ਕੇ ਪਟਾਕੇ ਵੇਚੇ।
ਪਾਬੰਦੀ ਹੋਣ ਦੇ ਬਾਵਜੂਦ ਦਿੱਲੀ ਵਿੱਚ ਵੀ ਬੁਰਾ ਹਾਲ
ਦਿੱਲੀ-ਐੱਨਸੀਆਰ ‘ਚ ਪਟਾਕਿਆਂ ‘ਤੇ ਪਾਬੰਦੀ ਦੇ ਬਾਵਜੂਦ ਦੀਵਾਲੀ ਮੌਕੇ ਖੁੱਲ੍ਹ ਕੇ ਆਤਿਸ਼ਬਾਜ਼ੀ ਹੋਈ। ਇਸ ਤੋਂ ਬਾਅਦ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) ‘ਗੰਭੀਰ’ ਸ਼੍ਰੇਣੀ ‘ਚ ਪਹੁੰਚ ਗਿਆ। ਦਿੱਲੀ ਦੇ ਜਨਪਥ ‘ਤੇ ਸਵੇਰੇ ਪ੍ਰਦੂਸ਼ਣ ਮੀਟਰ (ਪੀਐਮ) 2.5 ਦੀ ਮਿਆਰ 655.07 ਸੀ। ਇਸ ਦੇ ਨਾਲ ਹੀ ਵੀਰਵਾਰ ਨੂੰ ਦਿੱਲੀ ਦੇ ਪ੍ਰਦੂਸ਼ਣ ਪੱਧਰ ‘ਚ ਪਰਾਲੀ ਸਾੜਨ ਦਾ ਯੋਗਦਾਨ ਵਧ ਕੇ 25 ਫੀਸਦੀ ਹੋ ਗਿਆ, ਜੋ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ।
ਅੱਜ ਸਵੇਰੇ ਦਿੱਲੀ ਦੇ ਅਸਮਾਨ ਨੂੰ ਧੁੰਦ ਦੀ ਸੰਘਣੀ ਚਾਦਰ ਨੇ ਢੱਕ ਲਿਆ। ਇੱਥੇ ਬਹੁਤ ਸਾਰੇ ਲੋਕਾਂ ਨੇ ਗਲੇ ਵਿੱਚ ਖਾਰਸ਼ ਤੇ ਅੱਖਾਂ ਵਿੱਚ ਪਾਣੀ ਆਉਣ ਦੀ ਸ਼ਿਕਾਇਤ ਕੀਤੀ। ਦਿੱਲੀ ਸਰਕਾਰ ਦੇ ਪਟਾਕਿਆਂ ‘ਤੇ ਪਾਬੰਦੀ ਦੇ ਬਾਵਜੂਦ ਦੀਵਾਲੀ ਮੌਕੇ ਕਈ ਲੋਕ ਸੜਕਾਂ ‘ਤੇ ਪਟਾਕੇ ਫੂਕਦੇ ਦੇਖੇ ਗਏ।
ਇਸ ਦੇ ਨਾਲ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਰਾਜਧਾਨੀ ਦੀ ਪਿਛਲੇ 24 ਘੰਟਿਆਂ ਦੀ ਔਸਤ AQI ਵੀਰਵਾਰ ਨੂੰ 382 ‘ਤੇ ਪਹੁੰਚ ਗਈ, ਜੋ ਬੁੱਧਵਾਰ ਨੂੰ 314 ਸੀ। 24 ਘੰਟੇ ਦੀ ਔਸਤ AQI ਮੰਗਲਵਾਰ ਨੂੰ 303 ਤੇ ਸੋਮਵਾਰ ਨੂੰ 281 ਸੀ।