
ਚੰਡੀਗੜ੍ਹ, ਮਾਰਚ 22 (ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਨੇ ਵਾਟਰ ਟੂਰਿਜ਼ਮ ਪਾਲਿਸੀ 2023 ਅਤੇ ਐਡਵੈਂਚਰ ਟੂਰਿਜ਼ਮ ਪਾਲਿਸੀ 2023 ਦੀ ਵਿਆਖਿਆ ਕੀਤੀ।
ਮੰਤਰੀ ਕਿਹਾ ਕਿ ਇਹ ਦੋਵੇਂ ਨੀਤੀਆਂ ਸੈਰ ਸਪਾਟਾ ਉਦਯੋਗ ਦੇ ਮਾਹਿਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਤਿਆਰ ਕੀਤੀਆਂ ਗਈਆਂ ਹਨ ਅਤੇ ਪੰਜਾਬ ਵਿੱਚ ਸੈਰ ਸਪਾਟਾ ਖੇਤਰ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਵਿਸ਼ੇਸ਼ ਹਿੱਸਾ ਹਨ।
ਉਨਾਂ ਕਿਹਾ ਕਿ ਵਾਟਰ ਟੂਰਿਜ਼ਮ ਪਾਲਿਸੀ 2023 ਦੇ ਅਧੀਨ ਪੰਜਾਬ ਵਿੱਚ ਰਿਵਰ ਰਾਫਟਿੰਗ, ਬੋਟਿੰਗ, ਵਾਟਰ ਸਪੋਰਟਸ ਅਤੇ ਹੋਰ ਜਲ-ਅਧਾਰਤ ਸੈਰ ਸਪਾਟਾ ਗਤੀਵਿਧੀਆਂ ਆਦਿ ਨੂੰ ਉਤਸ਼ਾਹਿਤ ਕੀਤਾ ਜਾਵੇਗਾ । ਉਨਾਂ ਕਿਹਾ ਕਿ ਇਸ ਨੀਤੀ ਅਧੀਨ ਵਾਟਰ ਟੂਰਿਜ਼ਮ ਨਾਲ ਸਬੰਧਿਤ ਬੁਨਿਆਦੀ ਢਾਂਚੇ ਨੂੰ ਨਵੇ ਢੰਗ ਨਾਲ ਵਿਕਾਸ ਕਰਨਾ ਸ਼ਾਮਲ ਹੈ ਤਾਂ ਜੋ ਦੇਸ ਦੁਨੀਆਂ ਦੇ ਸੈਲਾਨੀ ਨੂੰ ਪੰਜਾਬ ਵੱਲ ਵੱਧ ਤੋਂ ਵੱਧ ਆਕਰਸ਼ਿਤ ਕੀਤਾ ਜਾ ਸਕੇ। ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੈਰ ਸਪਾਟਾ ਪੰਜਾਬ ਦੀ ਆਰਥਿਕਤਾ ਨੂੰ ਹੋਰ ਮਜ਼ਬਤ ਕਰਨ ਲਈ ਇੱਕ ਮਹੱਤਵਪੂਰਨ ਖੇਤਰ ਹੈ ਅਤੇ ਸੂਬਾ ਸਰਕਾਰ ਇਸ ਨੂੰ ਹੋਰ ਵਿਕਸਤ ਕਰਨ ਲਈ ਲਗਾਤਰ ਯਤਨ ਕਰ ਰਹੀ ਹੈ। ਉਨਾਂ ਕਿਹਾ ਕਿ ਵਾਟਰ ਟੂਰਿਜ਼ਮ ਪਾਲਿਸੀ 2023 ਅਤੇ ਐਡਵੈਂਚਰ ਟੂਰਿਜ਼ਮ ਪਾਲਿਸੀ 2023 ਅਨੁਸਾਰ ਸੂਬੇ ਵਿੱਚ ਹੋਰ ਵਿਕਾਸ ਕਰਕੇ ਜਲਦੀ ਹੀ ਪੰਜਾਬ ਨੂੰ ਦੇਸ਼ ਦਾ ਮੋਹਰੀ ਸੈਰ ਸਪਾਟਾ ਸਥਾਨ ਬਣਾਵਾਗੇ।
ਮੰਤਰੀ ਨੇ ਅੱਗੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਬਣੀਆਂ ਇਹ ਨਵੀਆਂ ਨੀਤੀਆਂ ਸੈਰ-ਸਪਾਟਾ ਖੇਤਰ ਵਿੱਚ ਸੂਬੇ ਦੇ ਨੌਜਵਾਨਾਂ ਲਈ ਨੌਕਰੀਆਂ ਪੈਦਾ ਕਰਨ ਅਤੇ ਸਥਾਨਕ ਆਰਥਿਕਤਾ ਨੂੰ ਹੁਲਾਰਾ ਦੇਣ ਵਿਚ ਪੂਰੀ ਤਰ੍ਹਾਂ ਲਾਹੇਵੰਦ ਸਾਬਿਤ ਹੋਣਗੀਆਂ।
—–
