ਚੰਡੀਗੜ੍ਹ 22,ਸਤੰਬਰ (ਸਾਰਾ ਯਹਾਂ): ਪੰਜਾਬ ਦਾ ਮੁੱਖ ਮੰਤਰੀ ਬਦਲਣ ਮਗਰੋਂ ਹੁਣ ਸਭ ਦੀਆਂ ਨਜ਼ਰਾਂ ਮੰਤਰੀ ਮੰਡਲ ਉੱਪਰ ਹਨ। ਕਈ ਪੁਰਾਣੇ ਮੰਤਰੀਆਂ ਨੂੰ ਕੁਰਸੀ ਖੁੱਸਣ ਦਾ ਡਰ ਸਤਾ ਰਿਹਾ ਹੈ ਤੇ ਕਈ ਨਵੇਂ ਚਿਹਰਿਆਂ ਨੂੰ ਝੰਡੀ ਵਾਲੀ ਕਾਰ ਮਿਲਣ ਦੀ ਉਮੀਦ ਹੈ। ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਕਾਂਗਰਸ ਹਾਈਕਮਾਨ ਨਾਲ ਮੰਤਰੀ ਮੰਡਲ ਬਾਰੇ ਮੰਥਨ ਕੀਤਾ।
ਭਰੋਸੇਯੋਗ ਸੂਤਰਾਂ ਮੁਤਾਬਕ ਕਾਂਗਰਸ ਹਾਈਕਮਾਨ ਨੇ ਨਵੇਂ ਮੁੱਖ ਮੰਤਰੀ ਨੂੰ ਹਦਾਇਤ ਕੀਤੀ ਹੈ ਕਿ ਵਜਾਰਤ ਵਿੱਚ ਨੌਜਵਾਨ ਚਿਹਰਿਆਂ ਨੂੰ ਅਹਿਮ ਥਾਂ ਦਿੱਤੀ ਜਾਵੇ ਪਰ ਪੁਰਾਣੇ ਲੀਡਰਾਂ ਨੂੰ ਅੱਖੋਂ ਪਰੋਖੇ ਨਾ ਕੀਤੇ ਜਾਵੇ। ਉਂਝ ਇਹ ਤੈਅ ਹੈ ਕੈਪਟਨ ਧੜੇ ਦੇ ਕੁਝ ਮੰਤਰੀਆਂ ਤੋਂ ਅਹੁਦਾ ਖੁੱਸ ਸਕਦਾ ਹੈ ਤੇ ਨਵਜੋਤ ਸਿੱਧੂ ਧੜੇ ਦੇ ਕੁਝ ਲੀਡਰਾਂ ਨੂੰ ਕੈਬਨਿਟ ਵਿੱਚ ਥਾਂ ਮਿਲ ਸਕਦੀ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਨਪ੍ਰੀਤ ਬਾਦਲ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ ਦੇ ਅਹੁਦੇ ਬਰਕਰਾਰ ਰਹਿ ਸਕਦੇ ਹਨ ਪਰ ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ ਤੇ ਰਾਣਾ ਸੋਢੀ ’ਤੇ ਛਾਂਟੀ ਦੀ ਤਲਵਾਰ ਲਟਕੀ ਸਕਦੀ ਹੈ।
ਇਸ ਦੇ ਨਾਲ ਹੀ ਵਿਧਾਇਕ ਪਰਗਟ ਸਿੰਘ, ਸੰਗਤ ਸਿੰਘ ਗਿਲਜੀਆਂ, ਕੁਲਜੀਤ ਸਿੰਘ ਨਾਗਰਾ, ਰਾਜਾ ਵੜਿੰਗ ਤੇ ਨਵਤੇਜ ਚੀਮਾ ਆਦਿ ਲੀਡਰਾਂ ਵਿੱਚੋਂ ਕਈ ਕੈਬਨਿਟ ਮੰਤਰੀ ਬਣ ਸਕਦੇ ਹਨ। ਕੈਬਨਿਟ ਬਾਰੇ ਜਲਦ ਹੀ ਐਲਾਨ ਹੋ ਸਕਦਾ ਹੈ। ਇਸ ਲਈ ਕਈ ਲੀਡਰ ਹੁਣ ਤੋਂ ਹੀ ਦਿੱਲੀ ਜਾ ਬੈਠੇ ਹਨ।