*ਪੰਜਾਬ ਦੀਆਂ 10 ਵਿਦਿਆਰਥੀ ਜਥੇਬੰਦੀਆਂ ਵੱਲੋਂ ਅਧਿਆਪਕ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਰੋਸ ਹਫਤਾ ਮਨਾਉਂਦੇ 8 ਅਪ੍ਰੈਲ ਨੂੰ ਵਿਦਿਆਰਥੀ ਵਿਰੋਧੀ ਫੁਰਮਾਨਾਂ ਦੀਆਂ ਕਾਪੀਆਂ ਸਾੜਨ ਦਾ ਕੀਤਾ ਅੈਲਾਨ*

0
22

ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਪੰਜਾਬ ਦੀਆਂ 10 ਵਿਦਿਆਰਥੀ ਜਥੇਬੰਦੀਆਂ ਵੱਲੋਂ ਸਕੂਲ ਕਾਲਜ ਯੂਨੀਵਰਸਿਟੀਆਂ ਬੰਦ ਕਰਨ ਦੇ ਫੁਰਮਾਨ ਖਿਲਾਫ ਅਧਿਆਪਕ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਰੋਸ ਹਫਤਾ ਮਨਾਉਂਦੇ ਹੋਏ 8 ਅਪ੍ਰੈਲ ਨੂੰ ਵਿਦਿਆਰਥੀ ਵਿਰੋਧੀ ਫੁਰਮਾਨਾਂ ਦੀਆਂ ਕਾਪੀਆਂ ਸਾੜਨ ਦਾ ਕੀਤਾ ਅੈਲਾਨ।*

ਅੱਜ ਮਾਨਸਾ ਦੇ ਬਾਲ ਭਵਨ ਵਿਖੇ ਇਕੱਠੀਆਂ ਹੋਈਆਂ ਪੰਜਾਬ ਦੀਆਂ 10 ਵਿਦਿਆਰਥੀ ਜਥੇਬੰਦੀਆਂ ਵੱਲੋਂ ਅਧਿਆਪਕ ਜਥੇਬੰਦੀਆਂ ਨਾਲ ਰਲ ਕੇ ਪੰਜਾਬ ਸਰਕਾਰ ਦੁਆਰਾ ਕਰੋਨਾ ਦੌਰਾਨ ਪਾਬੰਦੀਆਂ ਵਧਾਉਂਦੇ ਹੋਏ ਵਿੱਦਿਅਕ ਸੰਸਥਾਵਾਂ 10 ਅਪ੍ਰੈਲ ਤੱਕ ਬੰਦ ਰੱਖਣ ਦੇ ਖਿਲਾਫ਼ ਇੱਕ ਰੋਸ ਹਫਤਾ ਮਨਾਉਣ ਦਾ ਤੈਅ ਕੀਤਾ ਗਿਆ। ਜਿਕਰਯੋਗ ਹੈ ਕਿ ਬੀਤੇ ਦਿਨੀਂ ਇਹਨਾਂ 9 ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਡੀ.ਸੀ. ਤੇ ਤਹਿਸੀਲ ਦਫਤਰਾਂ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਵਿੱਦਿਅਕ ਸੰਸਥਾਵਾਂ ਦੁਬਾਰਾ ਖੋਲ਼ਣ ਨੂੰ ਲੈ ਕੇ ਮੰਗ ਪੱਤਰ ਦਿੱਤੇ ਗਏ ਸਨ।

ਇਸ ਮੌਕੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਰੋਨਾ ਬਹਾਨੇ ਵਿੱਦਿਅਕ ਸੰਸਥਾਵਾਂ ਬੰਦ ਕਰਨਾ ਜਾਰੀ ਰੱਖ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਨਵੀਂ ਸਿੱਖਿਆ ਨੀਤੀ ਲਾਗੂ ਕਰਨਾ ਚਾਹੁੰਦੀ ਹੈ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ, ਜਿਸਨੂੰ ਪੰਜਾਬ ਦੇ ਵਿਦਿਆਰਥੀ ਤੇ ਅਧਿਆਪਕ ਬਰਦਾਸ਼ਤ ਨਹੀਂ ਕਰਨਗੇ।

ਓਹਨਾਂ ਕਿਹਾ ਕਿ 10 ਵਿਦਿਆਰਥੀ ਜਥੇਬੰਦੀਆਂ ਵੱਲੋਂ ਅਧਿਆਪਕ ਜਥੇਬੰਦੀਆਂ ਨਾਲ ਅੱਜ ਤਾਲਮੇਲ ਕਰਕੇ ਪੰਜਾਬ ਸਰਕਾਰ ਦੇ ਇਸ ਵਤੀਰੇ ਖਿਲਾਫ ਸ਼ਹੀਦ ਭਗਤ ਦੇ ਅਸੰਬਲੀ ਬੰਬ ਐਕਸ਼ਨ ਨੂੰ ਸਮਰਪਿਤ 8 ਅਪ੍ਰੈਲ ਤੱਕ ਰੋਸ ਹਫਤਾ ਮਨਾਉਂਦੇ ਹੋਏ ਇਸ ਦਿਨ ਕਈ ਕੇਂਦਰਾਂ ‘ਤੇ ਮਾਰਚ ਕਰਦੇ ਹੋਏ ਲੌਕਡਾਊਨ ਲਗਾਉਣ ਦੇ ਫੁਰਮਾਨ ਅਤੇ ਨਵੀਂ ਸਿੱਖਿਆ ਨੀਤੀ ਦੀਆਂ ਕਾਪੀਆਂ ਸਾੜਨ ਦਾ ਤੈਅ ਕੀਤਾ ਹੈ। ਕਿਉਂਕਿ 8 ਅਪ੍ਰੈਲ ਨੂੰ ਹੀ ਸ਼ਹੀਦ ਭਗਤ ਸਿੰਘ ਤੇ ਬੀ.ਕੇ. ਦੱਤ ਨੇ ਅਸੰਬਲੀ ਵਿੱਚ ਖਾਲੀ ਥਾਂ ‘ਤੇ ਬੰਬ ਸੁੱਟ ਕੇ ਬੋਲ਼ੀ ਅੰਗਰੇਜ਼ ਸਰਕਾਰ ਦੇ ਕੰਨਾਂ ਅਵਾਜ ਪਾਈ ਸੀ। ਸੋ ਹੁਣ ਵੀ ਵਿਦਿਆਰਥੀਆਂ-ਅਧਿਆਪਕਾਂ-ਮਾਪਿਆਂ ਦੀ ਅਵਾਜ ਨੂੰ ਅੰਨੀ-ਬੋਲ਼ੀ ਹੋਈ ਮੋਤੀਆਂ ਵਾਲੀ ਕੈਪਟਨ ਸਰਕਾਰ ਨੂੰ ਸੁਨਾਉਣ ਲਈ ਇਹ ਰੋਸ ਹਫਤਾ ਰੱਖਿਆ ਗਿਆ ਹੈ।

ਇਸ ਮੀਟਿੰਗ ਵਿੱਚ ਪੀ.ਆਰ.ਐੱਸ.ਯੂ. ਦੇ ਸੂਬਾ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ,ਆਇਸਾ ਦੇ ਸੁਖਜੀਤ ਰਾਮਾਂ ਨੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਗੁਰਪ੍ਰੀਤ ਸਿੰਘ ਆਲ ਇੰਡੀਆ ਯੂਥ ਫੈਡਰੇਸ਼ਨ ਹਰਮੇਲ ਉੱਭਾ ਡੀ ਟੀ ਐੱਫ ਦੇ ਬਲਾਕ ਪ੍ਰਧਾਨ ਪਰਮਿੰਦਰ ਮਾਨਸਾ ਈ ਟੀ ਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਦਾਨਿਸ਼ ਭੱਟੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਤੀਸ਼ ਕੁਮਾਰ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਮੇਜਰ ਖੋਖਰ ਆਦਿ ਹਾਜਰ ਸਨ।

ਆਗੂਆਂ ਨੇ ਪੰਜਾਬ ਦੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਤੇ ਹੋਰ ਜਮਹੂਰੀਅਤ ਪਸੰਦ ਲੋਕਾਂ ਤੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ।

LEAVE A REPLY

Please enter your comment!
Please enter your name here