*ਪੰਜਾਬ ਦੀਆਂ ਰਵਾਇਤੀ ਧਿਰਾਂ ਨੂੰ ਮਾਤ ਪਾਉਣ ਲਈ ਸਮੁੱਚੇ ਪੰਜਾਬ ਦੇ ਲੋਕ ਸੰਯੁਕਤ ਸਮਾਜ ਮੋਰਚਾ ਦੇ ਹੱਕ ਵਿੱਚ ਫਤਵਾ ਦੇਣਗੇ – ਰੁਲਦੂ ਸਿੰਘ ਮਾਨਸਾ*

0
24

ਮਾਨਸਾ 24 ਜਨਵਰੀ  (ਸਾਰਾ ਯਹਾਂ/ਬੀਰਬਲ ਧਾਲੀਵਾਲ ) : ਪੰਜਾਬ ਦੀਆਂ ਰਵਾਇਤੀ ਧਿਰਾਂ ਨੂੰ ਮਾਤ ਪਾਉਣ ਲਈ ਪੰਜਾਬ ਦੇ ਲੋਕ ਸੰਯੁਕਤ ਸਮਾਜ ਮੋਰਚਾ ਦੇ ਹੱਕ ਵਿੱਚ ਫਤਵਾ ਦੇਣਗੇ ਕਿਉਂਕਿ ਦਿੱਲੀ ਦੀਆਂ ਬਰੂਹਾਂ *ਤੇ ਚੱਲੇ ਸੰਘਰਸ਼ ਨੇ ਮੋਦੀ ਸਰਕਾਰ ਖਿਲਾਫ ਕੀਤੀ ਵੱਡੀ ਜਿੱਤ ਪ੍ਰਾਪਤ ਅਤੇ ਸਮੁੱਚੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅੰਬਾਨੀ ਅਡਾਨੀਆਂ ਦੇ ਹੱਥਾਂ ਵਿੱਚ ਜਾਣ ਤੋਂ ਰੋੋਕਿਆ ਹੈ ਜਿਸ ਕਾਰਣ ਲੋਕਾਂ ਵਿੱਚ ਇੱਕ ਸਤਿਕਾਰ ਅਤੇ ਵਿਸ਼ਵਾਸ ਬਣ ਚੁੱਕਿਆ  ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਸੰਯੁਕਤ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਮਾਨਸਾ ਤੋਂ ਗੁਰਨਾਮ ਭੀਖੀ, ਕ੍ਰਿਸ਼ਨ  ਚੌਹਾਨ ਬੁਢਲਾਡਾ ਅਤੇ ਛੋਟਾ ਸਿੰਘ ਮੀਆਂ ਹਲਕਾ ਸਰਦੂਲਗੜ੍ਹ ਦੀ ਚੋਣ ਮੁਹਿੰਮ ਨੂੰ ਆਪਣੀ ਚੋਣ ਮੰਨ ਕੇ ਜਥੇਬੰਦੀ ਦਾ ਆਗੂ ਅਤੇ ਵਰਕਰ ਤਨਦੇਹੀ ਨਾਲ ਜਿੱਤ ਤੱਕ ਕੰਮ ਕਰੇਗਾ। ਕਿਉਂਕਿ ਅੰਦੋਲਨ ਦੌਰਾਨ 800 ਤੋਂ ਜ਼ਿਆਦਾ ਸ਼ਹੀਦਾਂ ਨੂੰ ਅਣਗੌਲੇ ਕਰਕੇ ਰਵਾਇਤੀ ਧਿਰਾਂ ਕਾਂਗਰਸ, ਅਕਾਲੀ, ਆਮ ਪਾਰਟੀ ਅਤੇ ਬੀਜੇਪੀ ਗੱਠਜੋੜ ਲੋਕਾਂ ਦੀਆਂ ਵੋਟਾਂ ਨੂੰ ਹਥਿਆਉਣ ਲਈ ਤਰਲੋ ਮੱਛੀ ਹੋ ਰਹੀਆਂ ਹਨ ਜਦੋਂ ਕਿ ਇਹਨਾਂ ਧਿਰਾਂ ਦੇ ਕਿਰਦਾਰ ਤੇ ਮਾੜੀਆਂ ਨੀਤੀਆਂ ਕਾਰਣ ਪੰਜਾਬ ਅੰਦਰ ਨਸ਼ਾਖੋਰੀ ਅਤੇ ਭ੍ਰਿਸ਼ਟਾਚਾਰ ਅਮਰਵੇਲ ਵਾਂਗ ਵਧ ਰਹੇ ਹਨ।

ਉਨ੍ਹਾਂ ਇੰਨ੍ਹਾਂ ਪਾਰਟੀਆਂ ਵਿੱਚ ਟਿਕਟਾਂ ਦੀ ਖਰੀਦੋ ਫਰੋਖਤ ਤੇ ਵਰ੍ਹਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਰਾਹੀਂ ਟਿਕਟਾਂ ਪ੍ਰਾਪਤ ਕਰਨ ਵਾਲੇ ਰਵਾਇਤੀ ਧਿਰਾਂ ਦੇ ਉਮੀਦਵਾਰ ਪੰਜਾਬ ਦੇ ਭਲੇ ਲਈ ਕੋਈ ਕੰਮ ਨਹੀਂ ਕਰਨਗੇ। ਉਨ੍ਹਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਮੋਰਚੇ ਨੂੰ ਸੱਤਾ ਦੀ ਤਾਕਤ ਦੇ ਕੇ ਪੰਜਾਬ ਦੇ ਬੁਨਿਆਦੀ ਮਸਲਿਆਂ ਅਤੇ ਆਮ ਲੋਕਾਂ ਲਈ ਆਸ ਦੀ ਕਿਰਨ ਜਗਾਈ ਜਾਵੇ ਕਿਉਂਕਿ ਲੜਾਈ ਸਮਾਜਵਾਦ ਦੀ ਪੂੰਜੀਵਾਦ ਦੇ ਖਿਲਾਫ ਹੈ। ਮੀਟਿੰਗ ਦੌਰਾਨ ਕੁਲ ਹਿੰਦ ਕਿਸਾਨ ਸਭਾ ਦੇ ਦਲਜੀਤ ਮਾਨਸ਼ਾਹੀਆ, ਜਮਹੂਰੀ ਕਿਸਾਨ ਸਭਾ ਦੇ ਲਾਲ ਚੰਦ, ਬੀਕੇਯੂ ਮਾਨਸਾ ਦੇ ਤੇਜ਼ ਸਿੰਘ ਚਕੇਰੀਆਂ ਆਦਿ ਆਗੂਆਂ ਨੇ ਪੰਜਾਬ ਦੀ ਗੰਧਲ ਚੁੱਕੀ ਰਾਜਨੀਤੀ ਨੂੰ ਨਵਾਂ ਰੂਪ ਦੇਣ ਲਈ ਮੋਰਚੇ ਅਤੇ ਮੋਰਚੇ ਦੀਆਂ ਸਹਿਯੋਗੀ ਧਿਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਸਮੇਂ ਗੋਰਾ ਸਿੰਘ ਭੈਣੀ ਬਾਘਾ, ਕਰਨੈਲ ਸਿੰਘ, ਸਵਰਨ ਸਿੰਘ ਬੋੜਾਵਾਲ, ਸੁਰਜੀਤ ਸਿੰਘ ਹੈਪੀ ਕੋਟ ਧਰਮੂ, ਅਮਰੀਕ ਸਿੰਘ ਪੰਜਾਬ ਕਿਸਾਨ ਯੂਨੀਅਨ, ਮਲਕੀਤ ਮੰਦਰਾਂ, ਮਾਸਟਰ ਸੁਖਦੇਵ ਸਿੰਘ ਅਤਲਾ, ਮੇਜਰ ਸਿੰਘ ਦੂਲੋਵਾਲ ਜਮਹੂਰੀ ਕਿਸਾਨ ਸਭਾ, ਰੂਪ ਸਿੰਘ ਢਿੱਲੋਂ,ਹਰਮੀਤ ਬੋੜਾਵਾਲ, ਭੂਪਿੰਦਰ ਗੁਰਨੇ, ਸੁਖਦੇਵ ਸਿੰਘ ਮਾਨਸਾ, ਹਰਪ੍ਰੀਤ ਸਿੰਘ, ਆਦਿ ਆਗੂ ਹਾਜ਼ਰ ਸਨ। 

NO COMMENTS