
ਚੰਡੀਗੜ, 22 ਸਤੰਬਰ (ਸਾਰਾ ਯਹਾ / ਮੁੱਖ ਸੰਪਾਦਕ): ਇਸ ਸਕੀਮ ਤਹਿਤ ਮਹਿਲਾਵਾਂ ਨੇ 51 ਫੀਸਦੀ ਅਤੇ ਪੁਰਸ਼ਾਂ ਨੇ 49 ਫੀਸਦੀ ਲਾਭ ਲਿਆ ਹੈ। ਸਰਕਾਰੀ ਸਕੀਮਾਂ ਪ੍ਰਤੀ ਜਾਗਰੂਕਤਾ ਦਿਖਾਉਂਦਿਆਂ, ਪੰਜਾਬ ਦੀਆਂ ਮਹਿਲਾਵਾਂ ਨੇ ਪੁਰਸ਼ਾਂ ਦੇ ਮੁਕਾਬਲੇ ਆਯੁਸ਼ਮਾਨ ਭਾਰਤ-ਸਰਬੱਤ ਸਹਿਤ ਬੀਮਾ ਯੋਜਨਾ (ਏਬੀ-ਐਸਐਸਬੀਵਾਈ) ਅਧੀਨ ਵਧੇਰੇ ਲਾਭ ਹਾਸਲ ਕੀਤੇ ਹਨ। ਲੋਕ-ਪੱਖੀ ਸਿਹਤ ਬੀਮਾ ਯੋਜਨਾ ਦਾ ਉਦੇਸ਼ ਸੂਚੀਬੱਧ ਹਸਪਤਾਲਾਂ ਰਾਹੀਂ ਦੂਜੇ ਅਤੇ ਤੀਜੇ ਦਰਜੇ ਦੀਆਂ ਸਿਹਤ ਸੇਵਾਵਾਂ ਲਾਭਪਾਤਰੀਆਂ ਨੂੰ ਘਰ-ਘਰ ਮੁਹੱਈਆ ਕਰਵਾਉਣਾ ਹੈ।ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 767 ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਨੂੰ ਸੂਚੀਬੱਧ ਕਰਕੇ ਪੰਜਾਬ ਦੇਸ਼ ਦਾ ਸਰਬੋਤਮ ਪ੍ਰਦਰਸ਼ਨ ਵਾਲਾ ਸੂਬਾ ਬਣ ਗਿਆ ਹੈ, ਇਸ ਸਕੀਮ ਤਹਿਤ 3.95 ਲੱਖ ਤੋਂ ਵੱਧ ਮਰੀਜ਼ਾਂ ਨੂੰ 455.46 ਕਰੋੜ ਰੁਪਏ ਦੀਆਂ ਮੁਫ਼ਤ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨਾਂ ਦੱਸਿਆ ਕਿ ਹੁਣ ਤੱਕ ਲਗਭਗ 46 ਲੱਖ ਈ-ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਹੁਣ ਤੱਕ 6700 ਤੋਂ ਵੱਧ ਦਿਲ ਦੀਆਂ ਸਰਜਰੀਆਂ, 1 ਲੱਖ ਡਾਇਲਸਿਸ, 7600 ਨਵੇਂ ਜਨਮੇ ਬੱਚਿਆਂ ਦਾ ਇਲਾਜ, 4000 ਗੋਡੇ ਬਦਲਣ ਦੇ ਨਾਲ-ਨਾਲ 9300 ਤੋਂ ਵੱਧ ਕੈਂਸਰ ਮਰੀਜ਼ਾਂ ਨੂੰ ਏਬੀ-ਐਸਐਸਬੀਵਾਈ ਅਧੀਨ ਇਲਾਜ ਦਾ ਲਾਭ ਮਿਲਿਆ ਹੈ।ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਸਭ ਤੋਂ ਵੱਧ ਲਾਭਪਾਤਰੀਆਂ ਦੀ ਸਕੀਮ ਅਧੀਨ ਇਲਾਜ ਦਾ ਲਾਭ ਲੈਣ ਦੇ ਮਾਮਲੇ ਵਿੱਚ 44,000 ਤੋਂ ਵੱਧ ਮਰੀਜ਼ਾਂ ਨਾਲ ਜ਼ਿਲਾ ਬਠਿੰਡਾ ਮੋਹਰੀ ਹੈ। ਇਸੇ ਤਰਾਂ ਸੂਬੇ ਵਿੱਚ ਜ਼ਿਲਾ ਲੁਧਿਆਣਾ ਨੇ ਸਭ ਤੋਂ ਵੱਧ 4.25 ਲੱਖ ਈ-ਕਾਰਡ ਬਣਾਏ ਹਨ।ਏ.ਬੀ-ਐਸ.ਐਸ.ਬੀ.ਵਾਈ ਦੇ ਲਾਭ ਸਬੰਧੀ ਦੋ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਤਾਲਿਬ ਖਾਨ ਜੋ ਇਕ ਮਜ਼ਦੂਰ ਵਜੋਂ ਕੰਮ ਕਰਦਾ ਹੈ, ਕਈ ਸਾਲਾਂ ਤੋਂ ਗੋਡੇ ਅਤੇ ਲੱਕ ਦੇ ਦਰਦ ਤੋਂ ਪੀੜਤ ਸੀ ਅਤੇ ਕੰਮ ਕਰਨ ਤੋਂ ਅਸਮਰੱਥ ਸੀ। ਉਸ ਨੂੰ ਆਪਣੀ ਜਾਣ-ਪਛਾਣ ਤੋਂ ਏ.ਬੀ-ਐਸ.ਐਸ.ਬੀ.ਵਾਈ ਬਾਰੇ ਪਤਾ ਲੱਗਾ ਅਤੇ ਉਸ ਨੇ ਸਥਾਨਕ ਮੈਡੀਕਲ ਪ੍ਰੈਟੀਸ਼ੀਨਰ ਦੀ ਸਹਾਇਤਾ ਨਾਲ ਆਪਣਾ ਈ-ਕਾਰਡ ਬਣਵਾਇਆ। ਇਸ ਤੋਂ ਬਾਅਦ ਉਹ ਸਿਵਲ ਹਸਪਤਾਲ ਮਾਨਸਾ ਗਿਆ ਜਿਥੇ ਉਸ ਦਾ ਗੋਡੇ ਬਦਲਣ ਸਬੰਧੀ ਇਲਾਜ ਕੀਤਾ ਗਿਆ। ਇਸ ਸਰਜਰੀ ਤੋਂ ਠੀਕ ਹੋਣ ਉਪਰੰਤ ਉਸ ਨੇ ਇਸ ਸਕੀਮ ਤਹਿਤ ਹਿੱਪ ਰਿਪਲੇਸਮੈਂਟ ਦਾ ਇਲਾਜ ਕਰਵਾਇਆ।ਤਾਲਿਬ ਖਾਨ ਨੇ ਦੱਸਿਆ ਕਿ ਉਹ ਆਪਣੇ ਆਪ ਨੂੰ ਪਰਿਵਾਰ ‘ਤੇ ਬੋਝ ਸਮਝਦਾ ਸੀ ਕਿਉਂਜੋ ਉਹ ਕੰਮ ਕਰਨ ਤੋਂ ਅਸਮਰੱਥ ਸੀ। ਏ.ਬੀ-ਐਸ.ਐਸ.ਬੀ.ਵਾਈ ਦੀ ਸਹਾਇਤਾ ਨਾਲ, ਦੋ ਵੱਡੀਆਂ ਸਰਜਰੀਆਂ ਕੀਤੀਆਂ ਗਈਆਂ ਜਿਹਨਾਂ ‘ਤੇ ਉਸ ਦਾ 5-6 ਲੱਖ ਦਾ ਖਰਚਾ ਆਉਣਾ ਸੀ। ਉਸ ਨੇ ਕਿਹਾ ਕਿ ਉਸ ਨੂੰ ਪਹਿਲਾਂ ਵਾਂਗ ਹੋਣ ਦੀ ਉਮੀਦ ਨਹੀਂ ਸੀ ਕਿਉਂਕਿ ਉਸ ਨੂੰ ਆਪਣੀਆਂ ਆਰਥਿਕ ਤੰਗੀਆਂ ਦਾ ਪਤਾ ਸੀ ਪਰ ਇਸ ਸਕੀਮ ਨਾਲ ਉਹ ਮੁਫ਼ਤ ਵਿਚ ਗੋਡੇ ਅਤੇ ਲੱਕ ਦੀ ਸਰਜਰੀ ਕਰਵਾਉਣ ਦੇ ਯੋਗ ਹੋ ਗਿਆ। ਉਹ ਕੁਝ ਮਹੀਨਿਆਂ ਵਿੱਚ ਦੁਬਾਰਾ ਕੰਮ ਕਰਨ ਦੇ ਯੋਗ ਹੋਣ ਦੀ ਉਮੀਦ ਕਰ ਰਿਹਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਇੱਕ ਨਵੀਂ ਜ਼ਿੰਦਗੀ ਮਿਲ ਗਈ ਹੈ।ਇਸੇ ਤਰਾਂ ਪੇਸ਼ੇ ਤੋਂ ਡਰਾਈਵਰ ਜੈਤੋ (ਫਰੀਦਕੋਟ) ਦੇ ਬਲਵਿੰਦਰ ਸਿੰਘ ਨੂੰ ਛਾਤੀ ਵਿੱਚ ਬਹੁਤ ਦਰਦ ਮਹਿਸੂਸ ਹੋਇਆ ਹੈ ਅਤੇ ਉਸਨੂੰ ਐਮਰਜੈਂਸੀ ਵਿੱਚ ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀ-ਸਪੈਸ਼ਲਿਟੀ ਹਸਪਤਾਲ (ਬਠਿੰਡਾ) ਲਿਜਾਇਆ ਗਿਆ। ਬਲਵਿੰਦਰ ਅਤੇ ਉਸ ਦਾ ਪਰਿਵਾਰ ਏ.ਬੀ-ਐਸ.ਐਸ.ਬੀ.ਵਾਈ. ਤੋਂ ਜਾਣੂ ਸੀ ਅਤੇ ਉਨਾਂ ਨੇ ਪਹਿਲਾਂ ਹੀ ਕਾਰਡ ਬਣਵਾ ਲਿਆ ਸੀ। ਇਸ ਸਕੀਮ ਅਧੀਨ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਅਤੇ ਇਸ ਸਕੀਮ ਦੀ ਸਹਾਇਤਾ ਨਾਲ ਉਸ ਦਾ ਮੁਫ਼ਤ ਇਲਾਜ ਕੀਤਾ ਗਿਆ ਅਤੇ ਹੁਣ ਉਸ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਏ.ਬੀ-ਐਸ.ਐਸ.ਬੀ.ਵਾਈ. ਦੀਆਂ ਵਿਸ਼ੇਸ਼ਤਾਵਾਂ ‘ਤੇ ਚਾਨਣਾ ਪਾਉਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਸ ਸਕੀਮ ਤਹਿਤ ਕਿਸਾਨ, ਛੋਟੇ ਵਪਾਰੀ, ਰਜਿਸਟਰਡ ਉਸਾਰੀ ਕਿਰਤੀਆਂ, ਮਾਨਤਾ ਪ੍ਰਾਪਤ ਪੀਲੇ ਕਾਰਡ ਧਾਰਕ ਪੱਤਰਕਾਰ, ਸਮਾਰਟ ਰਾਸ਼ਨ ਕਾਰਡ ਧਾਰਕ ਪ੍ਰਤੀ ਪਰਿਵਾਰ 5 ਲੱਖ ਪ੍ਰਤੀ ਸਾਲ ਦੇ ਸਿਹਤ ਬੀਮੇ ਦੇ ਹੱਕਦਾਰ ਹੋਣਗੇ। ਉਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਏ.ਬੀ.-ਐਸ.ਐਸ.ਬੀ.ਵਾਈ. ਨੇ 20 ਅਗਸਤ, 2020 ਨੂੰ ਆਪਣੇ ਲਾਗੂਕਰਨ ਦਾ ਇੱਕ ਸਾਲ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਨਤੀਜੇ ਵਜੋਂ, ਦੂਜੇ ਸਾਲ ਵਿੱਚ ਸਿਹਤ ਲਾਭ ਪੈਕੇਜਾਂ ਨੂੰ 1579 ਤੱਕ ਵਧਾਇਆ ਗਿਆ ਹੈ।————-
