
Punjab jails: ਭਗਵੰਤ ਮਾਨ ਸਰਕਾਰ ਲਈ ਪੰਜਾਬ ਦੀਆਂ ਜੇਲ੍ਹਾਂ ਵੱਡੀ ਸਿਰਦਰਦੀ ਬਣ ਗਈਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਜੇਲ੍ਹਾਂ ਦੇ ਸੁਧਾਰ ਲਈ ਕਾਫੀ ਕੋਸ਼ਿਸ਼ ਕੀਤੀ ਗਈ ਪਰ ਅਜੇ ਵੀ ਖਤਰਨਾਕ ਗੈਂਗਸਟਰ ਤੇ ਵੱਡੇ ਨਸ਼ਾ ਤਸਕਰ ਜੇਲ੍ਹਾਂ ਵਿੱਚੋਂ ਹੀ ਆਪਣੇ ਧੰਦੇ ਚਲਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਗੈਂਗਸਟਰ ਤੇ ਨਸ਼ਾ ਤਸਕਰ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਫੋਨ ਕਰਕੇ ਹਥਿਆਰ ਤੇ ਨਸ਼ੇ ਦੀਆਂ ਖੇਪਾਂ ਮੰਗਵਾ ਰਹੇ ਹਨ।
ਪਿਛਲੇ ਦਿਨੀਂ ਜੇਲ੍ਹ ਵਿੱਚੋਂ ਇੱਕ ਗੈਂਗਸਟਰ ਵੱਲੋਂ ਪਾਕਿਸਤਾਨ ਵਿੱਚ ਫੋਨ ਕਰਕੇ ਹਥਿਆਰ ਮੰਗਵਾਉਣ ਦੀ ਗੱਲ ਲੀਕ ਹੋਣ ਤੋਂ ਬਾਅਦ ਪੰਜਾਬ ਸਰਕਾਰ ਚੌਕਸ ਹੋ ਗਈ ਹੈ। ਇਸ ਲਈ ਹੁਣ ਪੰਜਾਬ ਭਰ ਦੀਆਂ ਜੇਲ੍ਹਾਂ ’ਚ ਚੌਕਸੀ ਵਧਾ ਦਿੱਤੀ ਗਈ ਹੈ। ਖਾਸ ਕਰਕੇ ਗੈਂਗਸਟਰਾਂ ਵਾਲੇ ਜ਼ੋਨਾਂ ਵਿੱਚ 24 ਘੰਟਿਆਂ ’ਚ ਛੇ ਵਾਰ ਚੈਕਿੰਗ ਕੀਤੀ ਜਾਂਦੀ ਹੈ। ਉਂਝ ਕੈਦੀਆਂ ਤੇ ਹਵਾਲਾਤੀਆਂ ਵਾਲੇ ਬੈਰਕ ਵੀ ਬਾਕਾਇਦਾ ਚੈੱਕ ਕੀਤੇ ਜਾਂਦੇ ਹਨ।
ਹਾਸਲ ਜਾਣਕਾਰੀ ਮੁਤਾਬਕ ਇਹ ਆਦੇਸ਼ ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਜਾਰੀ ਕੀਤੇ ਗਏ ਹਨ। ਇਸ ਦੌਰਾਨ ਪੰਜਾਬ ਭਰ ਦੀਆਂ ਸਮੂਹ ਜੇਲ੍ਹਾਂ ਖਾਸ ਕਰਕੇ ਜਿੱਥੇ ਗੈਂਗਸਟਰ ਬੰਦ ਹਨ, ਵਿੱਚ ਸਖ਼ਤ ਚੈਕਿੰਗ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੌਰਾਨ ਤਿੰਨ ਵਾਰ ਦਿਨੇ ਤੇ ਤਿਨ ਵਾਰ ਰਾਤ ਨੂੰ ਚੈਕਿੰਗ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਨ੍ਹਾਂ ਵਿੱਚੋਂ ਦੋ ਵਾਰ ਸੁਪਰਡੈਂਟ ਤੇ ਦੋ ਵਾਰ ਐਡੀਸ਼ਨਲ ਸੁਪਰਡੈਂਟ ਦਾ ਨਾਲ ਰਹਿਣਾ ਲਾਜ਼ਮੀ ਕੀਤਾ ਗਿਆ ਹੈ। ਬਾਕੀ ਵਾਰ ਡਿਪਟੀ ਸੁਪਰਡੈਂਟ ਚੈਕਿੰਗ ਮੁਹਿੰਮ ਦੀ ਅਗਵਾਈ ਕਰ ਰਹੇ ਹਨ।
ਦੱਸ ਦਈਏ ਕਿ ਕਿ ਇੱਕ ਕੈਦੀ ਵੱਲੋਂ ਪਾਕਿ ’ਚ ਫੋਨ ਕੀਤੇ ਜਾਣ ਦੀ ਪੁਸ਼ਟੀ ਐਸਟੀਐੱਫ ਦੇ ਅਧਿਕਾਰੀਆਂ ਨੇ ਵੀ ਕੀਤੀ ਹੈ। ਇਸ ਤੋਂ ਬਾਅਦ ਅੰਮ੍ਰਿਤਸਰ ਦੀ ਜੇਲ੍ਹ ’ਚ ਕੁਝ ਕੈਦੀਆਂ ਵੱਲੋਂ ਨਸ਼ੇ ਦਾ ਸੇਵਨ ਕਰਨ ਦੀ ਇੱਕ ਵੀਡੀਓ ਵੀ ਜਾਰੀ ਹੋਈ ਸੀ, ਜਿਸ ਨੂੰ ਜੇਲ੍ਹ ਵਿਭਾਗ ਲਈ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ।
ਇਸੇ ਦੌਰਾਨ ਪਟਿਆਲਾ ਜੇਲ੍ਹ ’ਚ ਪਿਛਲੇ ਸਮੇਂ ਗੜਬੜੀਆ ਹੋਣ ਮਗਰੋਂ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕੁਝ ਮਹੀਨਿਆਂ ਤੋਂ ਜੇਲ੍ਹ ਸੁਪਰਡੈਂਟ ਵਜੋਂ ਤਾਇਨਾਤ ਕੀਤੇ ਗਏ ਮਨਜੀਤ ਸਿੰਘ ਟਿਵਾਣਾ ਵੱਲੋਂ ਹੁਣ ਤੱਕ ਰਿਕਾਰਡ ਸੈਂਕੜੇ ਹੀ ਫੋਨਾਂ ਸਮੇਤ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਤੇ ਹੋਰ ਇਤਰਾਜ਼ਯੋਗ ਵਸਤਾਂ ਦੀ ਵੀ ਜੇਲ੍ਹ ਵਿੱਚੋਂ ਬਰਾਮਦਗੀ ਕੀਤੀ ਜਾ ਚੁੱਕੀ ਹੈ।
