(ਸਾਰਾ ਯਹਾਂ/ਬਿਊਰੋ ਨਿਊਜ਼ ) : ਓਡੀਸ਼ਾ ਦੀ ਇੱਕ ਸਮਾਜਿਕ-ਸੱਭਿਆਚਾਰਕ ਸੰਸਥਾ ਨੇ ਦਾਅਵਾ ਕੀਤਾ ਹੈ ਕਿ ਕੋਹਿਨੂਰ ਹੀਰਾ ਭਗਵਾਨ ਜਗਨਨਾਥ ਦਾ ਸੀ। ਸੰਗਠਨ ਨੇ ਯੂਨਾਈਟਿਡ ਕਿੰਗਡਮ ਤੋਂ ਇਤਿਹਾਸਕ ਪੁਰੀ ਮੰਦਰ ਵਿੱਚ ਕੋਹਿਨੂਰ ਹੀਰੇ ਦੀ ਵਾਪਸੀ ਲਈ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਦਖ਼ਲ ਦੀ ਵੀ ਮੰਗ ਕੀਤੀ ਹੈ। ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਤੋਂ ਬਾਅਦ, ਉਸਦਾ ਪੁੱਤਰ ਪ੍ਰਿੰਸ ਚਾਰਲਸ ਰਾਜਾ ਬਣ ਗਿਆ ਹੈ ਅਤੇ ਇੱਕ ਨਿਯਮ ਦੇ ਤੌਰ ‘ਤੇ 105 ਕੈਰੇਟ ਦਾ ਹੀਰਾ ਉਸਦੀ ਪਤਨੀ, ਡਚੇਸ ਆਫ ਕਾਰਨਵਾਲ, ਕੈਮਿਲਾ ਨੂੰ ਜਾਵੇਗਾ।
ਪੁਰੀ ਸਥਿਤ ਸੰਗਠਨ ਸ੍ਰੀ ਜਗਨਨਾਥ ਸੈਨਾ ਨੇ ਰਾਸ਼ਟਰਪਤੀ ਨੂੰ ਦਿੱਤੇ ਇੱਕ ਮੰਗ ਪੱਤਰ ਵਿੱਚ ਮੰਗ ਕੀਤੀ ਹੈ ਕਿ ਉਹ ਕੋਹਿਨੂਰ ਹੀਰੇ ਨੂੰ 12ਵੀਂ ਸਦੀ ਦੇ ਮੰਦਰ ਵਿੱਚ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਦਖ਼ਲ ਦੇਣ।
ਭਗਵਾਨ ਜਗਨਨਾਥ ਨੂੰ ਦਿੱਤਾ ਗਿਆ ਸੀ ਹੀਰਾ ਦਾਨ
ਸ੍ਰੀ ਜਗਨਨਾਥ ਸੈਨਾ ਦੇ ਸੰਯੋਜਕ ਪ੍ਰਿਯਦਰਸ਼ਨ ਪਟਨਾਇਕ ਨੇ ਇੱਕ ਮੈਮੋਰੰਡਮ ਵਿੱਚ ਕਿਹਾ, “ਕੋਹਿਨੂਰ ਹੀਰਾ ਸ੍ਰੀ ਜਗਨਨਾਥ ਭਗਵਾਨ ਦਾ ਹੈ। ਹੁਣ ਇਹ ਇੰਗਲੈਂਡ ਦੀ ਮਹਾਰਾਣੀ ਕੋਲ ਹੈ। ਕਿਰਪਾ ਕਰਕੇ ਸਾਡੇ ਪ੍ਰਧਾਨ ਮੰਤਰੀ ਤੋਂ ਇਸ ਨੂੰ ਭਾਰਤ ਲਿਆਉਣ ਲਈ ਕਦਮ ਚੁੱਕਣ ਲਈ ਬੇਨਤੀ ਕਰੋ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਇੱਛਾ ਅਨੁਸਾਰ ਇਸ ਨੂੰ ਭਗਵਾਨ ਜਗਨਨਾਥ ਨੂੰ ਦਾਨ ਕੀਤਾ ਸੀ।
ਇਤਿਹਾਸਕਾਰ ਅਤੇ ਖੋਜਕਾਰ ਅਨਿਲ ਧੀਰ ਨੇ ਕੀਤਾ ਸੀ ਦਾਅਵਾ
ਇਤਿਹਾਸਕਾਰ ਅਤੇ ਖੋਜਕਾਰ ਅਨਿਲ ਧੀਰ ਨੇ ਪੀਟੀਆਈ ਨੂੰ ਦੱਸਿਆ ਕਿ ਹੀਰਾ ਤੁਰੰਤ ਮੰਦਰ ਨੂੰ ਸੌਂਪਿਆ ਨਹੀਂ ਗਿਆ ਸੀ ਅਤੇ ਰਣਜੀਤ ਸਿੰਘ ਦੀ 1839 ਵਿੱਚ ਮੌਤ ਹੋ ਗਈ ਸੀ ਅਤੇ ਅੰਗਰੇਜ਼ਾਂ ਨੇ 10 ਸਾਲ ਬਾਅਦ ਉਸਦੇ ਪੁੱਤਰ ਦਲੀਪ ਸਿੰਘ ਤੋਂ ਕੋਹਿਨੂਰ ਖੋਹ ਲਿਆ ਸੀ, ਭਾਵੇਂ ਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਭਗਵਾਨ ਜਗਨਨਾਥ ਪੁਰੀ ਨੂੰ ਦਾਨ ਵਿੱਚ ਦਿੱਤਾ ਗਿਆ ਸੀ।
ਮਹਾਰਾਣੀ ਐਲਿਜ਼ਾਬੈਥ II ਨੂੰ ਵੀ ਭੇਜਿਆ ਗਿਆ ਸੀ ਪੱਤਰ
ਪਟਨਾਇਕ ਨੇ ਕਿਹਾ ਕਿ ਉਸ ਨੇ ਇਸ ਸਬੰਧ ਵਿੱਚ ਮਹਾਰਾਣੀ ਨੂੰ ਇੱਕ ਪੱਤਰ ਵੀ ਭੇਜਿਆ ਸੀ, ਜਿਸ ਤੋਂ ਬਾਅਦ ਉਸਨੂੰ 19 ਅਕਤੂਬਰ, 2016 ਨੂੰ ਬਕਿੰਘਮ ਪੈਲੇਸ ਤੋਂ ਇੱਕ ਪੱਤਰ ਮਿਲਿਆ, ਜਿਸ ਵਿੱਚ ਉਸਨੂੰ ਇਸ ਸਬੰਧ ਵਿੱਚ ਯੂਕੇ ਸਰਕਾਰ ਨੂੰ ਸਿੱਧੇ ਤੌਰ ‘ਤੇ ਅਪੀਲ ਕਰਨ ਲਈ ਕਿਹਾ ਗਿਆ ਸੀ। ਪੱਤਰ ਵਿੱਚ ਲਿਖਿਆ ਹੈ, “ਮਹਾਰਾਜ ਆਪਣੇ ਮੰਤਰੀਆਂ ਦੀ ਸਲਾਹ ‘ਤੇ ਕੰਮ ਕਰਦਾ ਹੈ ਅਤੇ ਹਮੇਸ਼ਾ ਗ਼ੈਰ-ਸਿਆਸੀ ਹੁੰਦਾ ਹੈ।” ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੂੰ ਦਿੱਤੇ ਮੈਮੋਰੰਡਮ ਨਾਲ ਉਸ ਪੱਤਰ ਦੀ ਇੱਕ ਕਾਪੀ ਨੱਥੀ ਕੀਤੀ ਗਈ ਹੈ। ਇਹ ਪੁੱਛੇ ਜਾਣ ‘ਤੇ ਕਿ ਉਹ ਛੇ ਸਾਲਾਂ ਤੱਕ ਇਸ ਮੁੱਦੇ ‘ਤੇ ਚੁੱਪ ਕਿਉਂ ਰਹੇ, ਪਟਨਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਇੰਗਲੈਂਡ ਜਾਣ ਲਈ ਵੀਜ਼ਾ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹ ਯੂਕੇ ਸਰਕਾਰ ਕੋਲ ਇਸ ਮਾਮਲੇ ਦੀ ਪੈਰਵੀ ਨਹੀਂ ਕਰ ਸਕੇ।
ਸ੍ਰੀ ਜਗਨਨਾਥ ਸੈਨਾ ਦਾ ਦਾਅਵਾ ਹੈ ਜਾਇਜ਼
ਇਤਿਹਾਸਕਾਰ ਅਤੇ ਖੋਜਕਾਰ ਧੀਰ ਨੇ ਕਿਹਾ ਕਿ ਸ੍ਰੀ ਜਗਨਨਾਥ ਸੈਨਾ ਦਾ ਦਾਅਵਾ ਜਾਇਜ਼ ਹੈ, ਪਰ ਹੋਰ ਵੀ ਕਈ ਦਾਅਵੇਦਾਰ ਹਨ ਜਿਵੇਂ ਕਿ ਹੀਰਾ, ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਵਰਗੇ ਹੋਰ ਵੀ ਕਈ ਦਾਅਵੇਦਾਰ ਹਨ। ਇਤਿਹਾਸਕਾਰ ਨੇ ਕਿਹਾ, ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਵਸੀਅਤ ਵਿੱਚ ਲਿਖਿਆ ਸੀ ਕਿ ਇ ਉਨ੍ਹਾਂ ਨੇ ਇਹ ਹੀਰਾ ਸ੍ਰੀ ਜਗਨਨਾਥ ਮੰਦਰ ਨੂੰ ਦਾਨ ਵਿੱਚ ਦਿੱਤਾ ਹੈ।ਇਹ ਦਸਤਾਵੇਜ਼ ਬ੍ਰਿਟਿਸ਼ ਫੌਜ ਦੇ ਇੱਕ ਅਧਿਕਾਰੀ ਦੁਆਰਾ ਤਸਦੀਕ ਕੀਤਾ ਗਿਆ ਸੀ, ਜਿਸਦਾ ਸਬੂਤ ਦਿੱਲੀ ਦੇ ਨੈਸ਼ਨਲ ਆਰਕਾਈਵਜ਼ ਵਿੱਚ ਮੌਜੂਦ ਹੈ।
ਪੰਜਾਬ ਦੇ ਤਤਕਾਲੀ ਹਾਕਮਾਂ ਨੇ ਹੀਰਾ ‘ਈਸਟ ਇੰਡੀਆ’ ਕੰਪਨੀ ਨੂੰ ਦਿੱਤਾ ਸੀ
ਭਾਰਤੀ ਪੁਰਾਤੱਤਵ ਸਰਵੇਖਣ ਨੇ ਕੁਝ ਸਾਲ ਪਹਿਲਾਂ ਇੱਕ ਆਰਟੀਆਈ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਕੋਹਿਨੂਰ ਹੀਰਾ ਲਗਭਗ 170 ਸਾਲ ਪਹਿਲਾਂ ਅੰਗਰੇਜ਼ਾਂ ਨੂੰ ਨਹੀਂ ਸੌਂਪਿਆ ਗਿਆ ਸੀ, ਪਰ ਲਾਹੌਰ ਦੇ ਮਹਾਰਾਜਾ ਵੱਲੋਂ ਇਸ ਨੂੰ ਇੰਗਲੈਂਡ ਦੀ ਮਹਾਰਾਣੀ ਨੂੰ ਦਿੱਤਾ ਗਿਆ ਸੀ। ਭਾਰਤ ਸਰਕਾਰ ਵੱਲੋਂ ਸਰਵਉੱਚ ਅਦਾਲਤ ਵਿੱਚ ਰੱਖ ਰੱਖਿਆ ਗਿਆ ਸੀ ਕਿ ਕਰੀਬ 20 ਕਰੋੜ ਡਾਲਰ ਦੀ ਕੀਮਤ ਵਾਲਾ ਹੀਰਾ ਨਾਂ ਤਾਂ ਚੋਰੀ ਕੀਤਾ ਗਿਆ ਤੇ ਨਾ ਹੀ ਜ਼ਬਰਦਸਤੀ ਲਿਆ ਗਿਆ ਸਗੋਂ ਇਸ ਨੂੰ ਮਹਾਰਾਜਾ ਵੱਲੋਂ ਈਸਟ ਇੰਡੀਆ ਕੰਪਨੀ ਨੂੰ ਦਿੱਤਾ ਗਿਆ ਸੀ।
ਕੋਹਿਨੂਰ ਨੂੰ ਦੁਨੀਆ ਦੇ ਸਭ ਤੋਂ ਕੀਮਤੀ ਹੀਰਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ 14ਵੀਂ ਸਦੀ ਵਿੱਚ ਦੱਖਣੀ ਭਾਰਤ ਦੀ ਕੋਲੂਰ ਖਾਨ ਵਿੱਚ ਕੋਲੇ ਦੀ ਖੁਦਾਈ ਦੌਰਾਨ ਮਿਲਿਆ ਸੀ।