
ਚੰਡੀਗੜ੍ਹ 8 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਦਿੱਲੀ ਤੋਂ ਬਾਅਦ ਚੰਡੀਗੜ੍ਹ ‘ਚ ਵੀ ਹਵਾ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਪੰਜਾਬ ਤੇ ਹਰਿਆਣਾ ‘ਚ ਹਵਾ ਦੀ ਗੁਣਵੱਤਾ ਖਰਾਬ ਹੋ ਰਹੀ ਹੈ ਤੇ ਇਸ ਦਾ ਅਸਰ ਚੰਡੀਗੜ੍ਹ ਵਿੱਚ ਵੀ ਬਾਖੂਬੀ ਦੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਦਾ ਪੱਧਰ 100 ਪ੍ਰਤੀ ਕਿਊਬਿਕ ਮੀਟਰ ਤੋਂ ਜ਼ਿਆਦਾ ਰਿਹਾ। WHO ਨੇ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਦੇ ਦੌਰ ਅੰਦਰ ਪ੍ਰਦੂਸ਼ਿਤ ਹਵਾ ਹੋਰ ਵੀ ਖਤਰਨਾਕ ਸਾਬਤ ਹੋਵੇਗੀ।
ਵੀਰਵਾਰ ਸਵੇਰ ਸਮੇਂ ਚੰਡੀਗੜ੍ਹ ‘ਚ ਏਕਿਊਆਈ 112 ਦਰਜ ਕੀਤਾ ਗਿਆ। ਜਦਕਿ ਲੌਕਡਾਊਨ ਦੌਰਾਨ ਇਹ 16 ਤਕ ਵੀ ਪਹੁੰਚ ਗਿਆ ਸੀ ਜੋ ਅਜੇ ਤਕ ਸਭ ਤੋਂ ਘੱਟ ਰਿਹਾ। ਪੰਜਾਬ ਤੇ ਹਰਿਆਣਾ ‘ਚ ਸੜ ਰਹੀ ਪਰਾਲੀ ਦਾ ਅਸਰ ਚੰਡੀਗੜ੍ਹ ਦੀ ਹਵਾ ਤਕ ਪਹੁੰਚ ਕਰ ਚੁੱਕਾ ਹੈ। ਵੀਰਵਾਰ ਸਵੇਰ ਨਵੀਂ ਦਿੱਲੀ ਦਾ ਏਕਿਊਆਈ 200 ਪ੍ਰਤੀ ਕਿਊਬਿਕ ਮੀਟਰ ਦਰਜ ਕੀਤਾ ਗਿਆ, ਜਦਕਿ ਪੰਜਾਬ ਦੇ ਕਈ ਸ਼ਹਿਰਾਂ ‘ਚ ਇਹ 250 ਤਕ ਵੀ ਦਰਜ ਕੀਤਾ ਗਿਆ।
ਕੋਰੋਨਾ ਵਾਇਰਸ ਦੇ ਦੌਰ ‘ਚ ਹਵਾ ਪ੍ਰਦੂਸ਼ਣ ਹੋਰ ਵੀ ਖਤਰਨਾਕ ਸਾਬਤ ਹੋ ਜਾਂਦਾ ਹੈ। WHO ਵੀ ਇਸ ਬਾਬਤ ਚੇਤਾਵਨੀ ਜਿਤਾ ਚੁੱਕਾ ਹੈ। ਦਰਅਸਲ ਕੋਰੋਨਾ ਵਾਇਰਸ ਕਾਰਨ ਜ਼ਿਆਦਾ ਮੌਤ ਉਨ੍ਹਾਂ ਲੋਕਾਂ ਦੀ ਹੋ ਰਹੀ ਹੈ ਜੋ ਸਾਹ ਦੀ ਬਿਮਾਰੀ ਤੋਂ ਪੀੜਤ ਹਨ ਤੇ ਹਵਾ ਪ੍ਰਦੂਸ਼ਣ ਨਾਲ ਸਾਹ ਲੈਣ ‘ਚ ਦਿੱਕਤ ਆਉਣਾ ਸੁਭਾਵਿਕ ਜਿਹੀ ਗੱਲ ਹੈ। ਝੋਨੇ ਦੀ ਪਰਾਲੀ ਸਾੜਨ ਕਾਰਨ ਵੀ ਹਵਾ ਪ੍ਰਦੂਸ਼ਣ ਵਧਦਾ ਹੈ। ਕਿਉਂਕਿ ਹੁਣ ਝੋਨੇ ਦਾ ਸੀਜ਼ਨ ਹੈ ਤੇ ਹਵਾ ਗੁਣਵੱਤਾ ਵੀ ਹੁਣ ਦਿਨ-ਬ-ਦਿਨ ਘਟੇਗੀ।
