24,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਉਨ੍ਹਾਂ ਦੀ ਕੈਬਨਿਟ ਵਿੱਚ ਸ਼ਾਮਲ ਹੋਣ ਵਾਲੇ ਮੰਤਰੀਆਂ ਨੇ ਵੀ ਆਪਣੇ-ਆਪਣੇ ਵਿਭਾਗਾਂ ਦਾ ਚਾਰਜ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਪੰਜਾਬ ਮੰਤਰੀ ਮੰਡਲ ਦੀ ਇਕਲੌਤੀ ਮਹਿਲਾ ਮੰਤਰੀ ਡਾ. ਬਲਜੀਤ ਕੌਰ ਨੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਵਜੋਂ ਸਹੁੰ ਚੁੱਕਦਿਆਂ ਹੀ ਧੀਆਂ ਨੂੰ ਤੋਹਫ਼ਾ ਦਿੱਤਾ ਹੈ।
31 ਮਾਰਚ ਤੋਂ ਬੇਟੀਆਂ ਨੂੰ ਸਕੀਮ ਤੇ ਵਜ਼ੀਫੇ ਦਾ ਲਾਭ ਮਿਲਣਾ ਹੋ ਜਾਵੇਗਾ ਸ਼ੁਰੂ
ਦਰਅਸਲ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਧੀਆਂ ਲਈ ਵਜ਼ੀਫੇ ਅਤੇ ਸਕੀਮਾਂ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਮੁਤਾਬਕ 31 ਮਾਰਚ ਤੋਂ ਬੇਟੀਆਂ ਨੂੰ ਵਜ਼ੀਫੇ ਅਤੇ ਸਕੀਮਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ। ਔਰਤਾਂ ਦੀ ਸੁਰੱਖਿਆ ਨਾਲ ਸਬੰਧਤ ਕਾਨੂੰਨਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਬਲਜੀਤ ਕੌਰ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਸ਼ਗਨ ਸਕੀਮ 31 ਮਾਰਚ ਤੱਕ ਲਾਗੂ ਕਰ ਦਿੱਤੀ ਜਾਵੇਗੀ। ਦੂਜੇ ਪਾਸੇ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਚੋਣ ਵਾਅਦੇ ਬਾਰੇ ਕੌਰ ਨੇ ਕਿਹਾ ਕਿ ਇਸ ਨੂੰ ਜਲਾਲ ਵੱਲੋਂ ਹੀ ਪੂਰਾ ਕੀਤਾ ਜਾਵੇਗਾ।
ਹੁਣ ਜਾਣੋ ਕੀ ਹੈ ਸ਼ਗਨ ਸਕੀਮ
ਪੰਜਾਬ ਵਿੱਚ ਧੀਆਂ ਲਈ ਸ਼ੁਰੂ ਕੀਤੀ ਸ਼ਗਨ ਸਕੀਮ ਤਹਿਤ ਸਰਕਾਰ ਵੱਲੋਂ ਵਿਆਹ ਯੋਗ ਲੜਕੀਆਂ ਦੇ ਵਿਆਹ ਲਈ ਵਿੱਤੀ ਮਦਦ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ ਘੱਟ ਆਮਦਨ ਵਾਲੇ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਲਈ ਸੂਬਾ ਸਰਕਾਰ ਵੱਲੋਂ ਸ਼ਗਨ ਸਕੀਮ ਤਹਿਤ 15 ਤੋਂ 21 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।
ਕੀ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ?
ਦੂਜੇ ਪਾਸੇ, ਪੰਜਾਬ ਵਿੱਚ ਕਿਸੇ ਵੀ ਘੱਟ ਗਿਣਤੀ ਭਾਈਚਾਰੇ ਦੇ ਲੜਕੇ ਅਤੇ ਲੜਕੀਆਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਇਸ ਸਕੀਮ ਤਹਿਤ ਜਿਹੜੇ ਲੜਕੇ ਅਤੇ ਲੜਕੀਆਂ 10ਵੀਂ ਪਾਸ ਕਰ ਚੁੱਕੇ ਹਨ ਤੇ ਅਗਲੇਰੀ ਪੜ੍ਹਾਈ ਲਈ ਵਿੱਤੀ ਮਦਦ ਚਾਹੁੰਦੇ ਹਨ, ਉਨ੍ਹਾਂ ਨੂੰ ਇਹ ਵਜ਼ੀਫ਼ਾ ਦਿੱਤਾ ਜਾਂਦਾ ਹੈ। ਹਾਲਾਂਕਿ, ਇਹ ਸਕਾਲਰਸ਼ਿਪ ਹਾਸਲ ਕਰਨ ਲਈ ਸਾਲਾਨਾ ਪਰਿਵਾਰਕ ਆਮਦਨ 2 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ।