ਚੰਡੀਗੜ੍ਹ 17 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਸਰਕਾਰ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਦਾਖ਼ਲ ਕੀਤੇ ਹਲਫ਼ੀਆ ਬਿਆਨ ਰਾਹੀਂ ਅਜਿਹੇ 925 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਬਾਰੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਵਿਰੁੱਧ ਕੋਈ ਨਾ ਕੋਈ ਕੇਸ ਦਰਜ ਹਨ ਤੇ ਇਸ ਵੇਲੇ ਉਹ ਸੇਵਾਵਾਂ ਵੀ ਨਿਭਾਅ ਰਹੇ ਹਨ। ਇਨ੍ਹਾਂ ’ਚ ਤਿੰਨ ਐਸਪੀ, ਦੋ ਡੀਐਸਪੀ, ਦੋ ਇੰਸਪੈਕਟਰ, ਅੱਠ ਏਐਸਆਈ, 13 ਹੈੱਡ ਕਾਂਸਟੇਲ ਤੇ 75 ਕਾਂਸਟੇਬਲ ਸ਼ਾਮਲ ਹਨ।
ਪਿਛਲੀ ਸੁਣਵਾਈ ਦੌਰਾਨ ਅਦਾਲਤੀ ਹੁਕਮ ’ਤੇ ਪੰਜਾਬ ਦੇ ਉੱਪ ਗ੍ਰਹਿ ਸਕੱਤਰ ਵਿਜੇ ਕੁਮਾਰ ਨੇ ਹਾਈ ਕੋਰਟ ’ਚ ਹਲਫ਼ੀਆ ਬਿਆਨ ਦੇ ਕੇ 822 ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਹੋਣ ਦੀ ਜਾਣਕਾਰੀ ਦਿੱਤੀ। ਇਸ ਸੂਚੀ ਵਿੱਚ ਇੰਸਪੈਕਟਰ, ਐਸਆਈ ਤੇ ਏਐਸਆਈ ਸਮੇਤ ਹੈੱਡ–ਕਾਂਸਟੇਬਲ ਤੇ ਕਾਂਸਟੇਬਲਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪਟੀਸ਼ਨਰ ਨੇ ਕਿਹਾ ਸੀ ਕਿ ਪੁਲਿਸ ਅਫ਼ਸਰਾਂ ਦੇ ਨਾਂ ਇਸ ਸੂਚੀ ਵਿੱਚ ਸ਼ਾਮਲ ਨਹੀਂ ਹਨ।
ਪੁਲਿਸ ਨੇ ਬਰਖ਼ਾਸਤ ਕੀਤੇ ਗਏ ਪੁਲਿਸ ਮੁਲਾਜ਼ਮ ਸੁਰਜੀਤ ਸਿੰਘ ਨੇ ਆਪਣੀ ਬਰਖ਼ਾਸਤਗੀ ਦੇ ਹੁਕਮ ਨੂੰ ਚੁਣੌਤੀ ਦਿੰਦਿਆਂ ਪਟੀਸ਼ਨ ਦਾਇਰ ਕਰ ਕੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਸਿਰਫ਼ ਇੱਕ ਐਫ਼ਆਈਆਰ ਕਾਰਣ ਮੋਗਾ ਦੇ ਐਸਐਸਪੀ ਨੇ ਉਨ੍ਹਾਂ ਦੀ ਬਰਤਰਫ਼ੀ ਦੇ ਹੁਕਮ ਜਾਰੀ ਕਰ ਦਿੱਤੇ; ਜਦ ਕਿ ਆਈਜੀ ਫ਼ਿਰੋਜ਼ਪੁਰ ਰੇਂਜ ਨੇ ਉਨ੍ਹਾਂ ਨੂੰ 23 ਨਵੰਬਰ, 2018 ਨੂੰ ਬਹਾਲ ਕਰ ਦਿੱਤਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੂੰ ਬਰਤਰਫ਼ ਕਰ ਦਿੱਤਾ ਗਿਆ। ਉਨ੍ਹਾਂ ਹੀ ਕਿਹਾ ਸੀ ਕਿ ਪੁਲਿਸ ਦੇ ਬਹੁਤ ਸਾਰੇ ਮੁਲਾਜ਼ਮਾਂ ਤੇ ਅਧਿਕਾਰੀਆਂ ਵਿਰੁੱਧ ਕੇਸ ਦਰਜ ਹਨ।