ਚੰਡੀਗੜ੍ਹ 14 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਅਨਲੌਕ ਪੰਜ ਤਹਿਤ ਪੰਜਾਬ ‘ਚ 15 ਅਕਤੂਬਰ ਨੂੰ ਸਕੂਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਇਸ ਲਈ ਮਾਪਿਆਂ ਨੂੰ ਲਿਖਤੀ ਸਹਿਮਤੀ ਦੇਣੀ ਪਵੇਗੀ। ਵਿਭਾਗ ਦੇ ਐਡੀਸ਼ਨਲ ਚੀਫ ਸੈਕਟਰੀ ਅਨੁਰਾਗ ਅਗਰਵਾਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ ‘ਚ ਕਿਹਾ ਗਿਆ ਕਿ ਕੇਂਦਰ ਸਰਕਾਰ ਦੇ ਹੁਕਮਾਂ ‘ਤੇ ਕੰਟਰੋਲ ਖੇਤਰਾਂ ਦੇ ਬਾਹਰ ਸਕੂਲ ਤੇ ਕੋਚਿੰਗ ਸੈਂਟਰ ਮੁੜ ਤੋਂ ਖੋਲ੍ਹੇ ਜਾ ਸਕਦੇ ਹਨ।
ਉਨ੍ਹਾਂ ਆਪਣੇ ਹੁਕਮਾਂ ‘ਚ ਕਿਹਾ ਕਿ ਔਨਲਾਈਨ ਪੜ੍ਹਾਈ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗੀ। ਸਿਰਫ ਨੌਵੀਂ ਤੋਂ 12ਵੀਂ ਤਮਾਤ ਤਕ ਦੇ ਵਿਦਿਆਰਥੀਆਂ ਲਈ ਹੀ ਸਕੂਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਪਰ ਇਸ ਲਈ ਮਾਪਿਆਂ ਦੀ ਮਨਜੂਰੀ ਜ਼ਰੂਰੀ ਹੋਵੇਗੀ ਤੇ ਹਾਜ਼ਰੀ ਜ਼ਰੂਰੀ ਹੋਵੇਗੀ।
ਹੁਕਮਾਂ ਮੁਤਾਬਕ ਜੋ ਵੀ ਸਕੂਲ ਖੋਲ੍ਹੇ ਜਾਣਗੇ, ਉਹ ਸਿੱਖਿਆ ਤੇ ਸਿਹਤ ਵਿਭਾਗ ਨਾਲ ਵਿਚਾਰ ਕਰਕੇ ਕੋਰੋਨਾ ਨੂੰ ਲੈ ਕੇ ਬਣਾਏ ਗਏ ਐਸਓਪੀ ਦਾ ਪਾਲਣ ਕਰਨਗੇ। ਖਿਡਾਰੀਆਂ ਲਈ ਸਵਿਮਿੰਗ ਪੂਲ ਖੋਲ੍ਹਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ।