ਪੰਜਾਬ ‘ਚ ਵੱਡੀ ਵਾਰਦਾਤ ਦੀ ਬਣੀ ਸੀ ਯੋਜਨਾ, ਪਾਕਿਸਤਾਨ ਤੋਂ ਮਿਲੇ ਸੀ ਦਿਸ਼ਾ-ਨਿਰਦੇਸ਼, ਜਾਂਚ ‘ਚ ਵੱਡੇ ਖੁਲਾਸੇ

0
94

ਅੰਮ੍ਰਿਤਸਰ 24 ਜੂਨ (ਸਾਰਾ ਯਹਾ/ ਬਿਓਰੋ ਰਿਪੋਰਟ ) : ਦਿਹਾਤੀ ਪੁਲਿਸ ਵੱਲੋਂ ਬੀਤੇ ਦਿਨੀਂ ਜੰਡਿਆਲਾ ਗੁਰੂ ਨੇੜਿਓਂ ਢਾਬੇ ਤੋਂ ਗ੍ਰਿਫਤਾਰ ਕੀਤੇ ਗਏ ਦੋ ਨੌਜਵਾਨਾਂ ਦੀ ਪੁੱਛਗਿਛ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਪਾਕਿਸਤਾਨ ਦੀਆਂ ਖੁਫ਼ੀਆ ਏਜੰਸੀਆਂ ਦੇ ਇਸ਼ਾਰੇ ‘ਤੇ ਰੈਡੀਕਲ ਗਰੁੱਪ ਪੰਜਾਬ ਵਿੱਚ ਜਾਂ ਅੰਮ੍ਰਿਤਸਰ ਦੇ ਕਿਸੇ ਖੇਤਰ ਵਿੱਚ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਲੋਕਾਂ ਦੇ ਸਹਿਯੋਗ ਨਾਲ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਹਥਿਆਰ ਬਰਾਮਦ ਕੀਤੇ ਹਨ।

ਇਸ ਦੀ ਜਾਣਕਾਰੀ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ‘ਏਬੀਪੀ ਸਾਂਝਾ’ ਨੂੰ ਦਿੰਦਿਆਂ ਦੱਸਿਆ ਕਿ ਦੋਵਾਂ ਨੌਜਵਾਨਾਂ ਨੂੰ ਲੋਕਾਂ ਦੇ ਸਹਿਯੋਗ ਨਾਲ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਤੋਂ ਪੁੱਛਗਿੱਛ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ। ਗ੍ਰਿਫਤਾਰ ਕੀਤਾ ਗਿਆ ਗੁਰਮੀਤ ਪਾਕਿਸਤਾਨ ਵਿੱਚ ਬੈਠੇ ਆਪਣੇ ਆਕਾਵਾਂ ਤੋਂ ਦਿਸ਼ਾ-ਨਿਰਦੇਸ਼ ਲੈ ਰਿਹਾ ਸੀ। ਉਨ੍ਹਾਂ ਦੇ ਇਸ਼ਾਰੇ ‘ਤੇ ਹੀ ਭਾਰਤ ਵਿਰੋਧੀ ਸਰਗਰਮੀਆਂ ਵਿੱਚ ਸ਼ਾਮਲ ਹੋਇਆ ਸੀ। ਗੁਰਮੀਤ ਪਾਕਿਸਤਾਨ ਤੋਂ ਵੀ ਹੋ ਕੇ ਆਇਆ ਸੀ। ਇਸ ਦੇ ਫੋਨ ਉੱਪਰੋਂ ਕਈ ਅਜਿਹੀਆਂ ਜਾਣਕਾਰੀਆਂ ਮਿਲੀਆਂ ਹਨ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਇਸ ਪੂਰੇ ਨੈੱਟਵਰਕ ਦਾ ਭਾਂਡਾ ਛੇਤੀ ਹੀ ਭੰਨ੍ਹਣਗੀਆਂ।

ਦੁੱਗਲ ਨੇ ਦੱਸਿਆ ਕਿ ਆਈਐਸਆਈ ਦੇ ਇਸ਼ਾਰੇ ਤੇ ਕੰਮ ਕਰਨ ਵਾਲੇ ਭਾਰਤ ਵਿਰੋਧੀ ਅਨਸਰ ਸੋਸ਼ਲ ਮੀਡੀਆ ਰਾਹੀ ਨੌਜਵਾਨਾਂ ਨੂੰ ਉਕਸਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਇਹ ਹਥਿਆਰ ਕਿਵੇਂ ਪੁੱਜੇ ਤੇ ਕਿਸ ਨੇ ਪਹੁੰਚਾਏ। ਐਸਐਸਪੀ ਮੁਤਾਬਕ ਜੰਮੂ-ਕਸ਼ਮੀਰ ਵਿੱਚ ਸਖਤਾਈ ਹੋਣ ਕਰਕੇ ਹੁਣ ਆਈਐਸਆਈ ਪੰਜਾਬ ਦੇ ਸਰਹੱਦੀ ਖੇਤਰ ਨੂੰ ਇਸਤੇਮਾਲ ਕਰ ਰਹੀ ਹੈ। ਇਸ ਕਰਕੇ ਹੁਣ ਪੁਲਿਸ ਵੱਲੋਂ ਸਰਹੱਦ ਤੇ ਸੈਕਿੰਡ ਲਾਈਨ ਆਫ ਡਿਫੈਂਸ ਨੂੰ ਮਜਬੂਤ ਕੀਤਾ ਜਾ ਰਿਹਾ ਹੈ ਤੇ ਬੀਐਸਐਫ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਡਰੱਗ ਤਸਕਰ ਝੀਤਾ ਦੇ ਮਾਮਲੇ ‘ਚ ਐਸਐਸਪੀ ਦੁੱਗਲ ਨੇ ਕਿਹਾ ਕਿ ਇਸ ਮਾਮਲੇ ‘ਚ ਪੁਲਿਸ ਨੂੰ ਬਹੁਤ ਮਹੱਤਵਪੂਰਨ ਜਾਣਕਾਰੀ ਮਿਲੀ ਹੈ ਪਰ ਹੁਣ ਇਹ ਜਾਂਚ ਐਨਆਈਏ ਕਰ ਰਹੀ ਹੈ।

LEAVE A REPLY

Please enter your comment!
Please enter your name here