ਚੰਡੀਗੜ੍ਹ: ਪਸ਼ੂ ਪਾਲਣ ਵਿਭਾਗ ਦੀ ਜਨਗਣਨਾ 2019 ਦੇ ਅੰਕੜਿਆਂ ਅਨੁਸਾਰ ਸਾਲ 2012 ਤੋਂ 2019 ਦੌਰਾਨ ਪੰਜਾਬ ਵਿੱਚ ਔਸਤਨ ਦੁੱਧ ਦੀ ਪੈਦਾਵਾਰ 50.14 ਪ੍ਰਤੀਸ਼ਤ ਵਧੀ ਹੈ। ਸੂਬੇ ਵਿੱਚ ਹੁਣ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਦੇਸ਼ ਵਿੱਚ ਸਭ ਤੋਂ ਵੱਧ 1,181 ਗ੍ਰਾਮ ਪ੍ਰਤੀ ਦਿਨ ਹੈ ਜਦਕਿ ਰਾਸ਼ਟਰੀ ਔਸਤਨ 394 ਗ੍ਰਾਮ ਹੈ।
ਸਾਲ 2012 ‘ਚ ਪ੍ਰਤੀ ਪਸ਼ੂ ਔਸਤਨ 3.51 ਕਿਲੋਗ੍ਰਾਮ ਦੁੱਧ ਦੀ ਪੈਦਾਵਾਰ ਸੀ ਜੋ ਸਾਲ 2019 ‘ਚ 5.27 ਕਿਲੋਗ੍ਰਾਮ ਹੋ ਗਈ। ਇਸ ਵੇਲੇ ਰਾਜ ਵਿੱਚ 345 ਲੱਖ ਕਿਲੋਗ੍ਰਾਮ ਪ੍ਰਤੀ ਦਿਨ ਦੁੱਧ ਪੈਦਾ ਹੁੰਦਾ ਹੈ। ਮਹੱਤਵਪੂਰਨ ਹੈ ਕਿ ਰਾਜ ਵਿੱਚ ਸਾਲਾਨਾ ਦੁੱਧ ਦਾ ਉਤਪਾਦਨ ਸਾਲ 2016 ਵਿੱਚ 107.74 ਲੱਖ ਟਨ ਤੋਂ ਵਧ ਕੇ ਸਾਲ 2019 ਵਿੱਚ 126 ਲੱਖ ਟਨ ਹੋ ਗਿਆ ਹੈ।
ਮਿਸ਼ਨ ਤੰਦਰੁਸਤ ਦੇ ਨਿਰਦੇਸ਼ਕ ਕੇਐਸ ਪੰਨੂ ਨੇ ਕਿਹਾ, “ਇਸ ਦਾ ਮੁੱਖ ਕਾਰਨ ਪਿਛਲੇ ਇੱਕ ਦਹਾਕੇ ਵਿੱਚ ਉੱਚ-ਤਕਨੀਕੀ ਵਪਾਰਕ ਡੇਅਰੀ ਫਾਰਮਿੰਗ ਦਾ ਉਭਾਰ ਰਿਹਾ ਹੈ।” ਰਾਜ ਵਿੱਚ ਪੰਜਾਬ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਦੀ ਛਤਰ ਛਾਇਆ ਹੇਠ 10,000 ਤੋਂ ਵੱਧ ਹਾਈ-ਟੈਕ ਡੇਅਰੀ ਫਾਰਮ ਹਨ।
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਅਮਰਜੀਤ ਸਿੰਘ ਨੰਦਾ ਨੇ ਕਿਹਾ ਕਿ, “ਸਿਹਤਮੰਦ ਖੁਰਾਕ ਤੇ ਅਪਗ੍ਰੇਡ ਕੀਤੀ ਮੈਡੀਕਲ ਦੇਖਭਾਲ ਨੇ ਦੁੱਧ ਦੇ ਉਤਪਾਦਨ ਵਾਧੇ ‘ਚ ਵੱਡਾ ਯੋਗਦਾਨ ਪਾਇਆ ਹੈ।”