
ਬਟਾਲਾ 07 ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) ਦੇਸ਼ ਭਰ ‘ਚ ਕੋਰੋਨਾ ਮਹਾਂਮਾਰੀ ਨਾਲ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਉੱਥੇ ਹੀ ਹੁਣ ਭਾਰਤ ਦੇ ਕਈ ਸੂਬਿਆਂ ‘ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲੋਕ ਹੋਰ ਸਹਿਮ ਗਏ ਹਨ। ਸਰਕਾਰ ਵੱਲੋਂ ਇਸ ਬਿਮਾਰੀ ਦੇ ਬਚਾਅ ਲਈ ਵੱਖ ਵੱਖ ਗਾਈਡਲਾਈਨਜ਼ ਤਹਿਤ ਬਚਾਅ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ‘ਚ ਬਰਡ ਫਲੂ ਨਹੀਂ ਤੇ ਉਹ ਅਫਵਾਹਾਂ ਤੋਂ ਬਚਣ।
ਬਟਾਲਾ ਦੇ ਨਜ਼ਦੀਕ ਪੋਲਟਰੀ ਫਾਰਮ ਚਲਾ ਰਹੇ ਸਾਬਕਾ ਲੈਫਟੀਨੈਂਟ ਕਰਨਲ ਜਗਜੀਤ ਸਿੰਘ ਸਾਹੀ ਨੇ ਦੱਸਿਆ ਕਿ ਭਾਵੇਂ ਦੇਸ਼ ਦੇ ਕੁਝ ਇਲਾਕਿਆਂ ‘ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ ਪਰ ਹੁਣ ਤੱਕ ਪੰਜਾਬ ‘ਚ ਅਜਿਹਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪੰਜਾਬ ‘ਚ ਬਰਡ ਫਲੂ ਨਹੀਂ। ਉਨ੍ਹਾਂ ਦੱਸਿਆ ਕਿ ਅਜਿਹੀ ਕੋਈ ਸਥਿਤੀ ਨਾ ਹੋਵੇ ਉਨ੍ਹਾਂ ਵੱਲੋਂ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਤੇ ਫਾਰਮ ਸ਼ੈਡ ਏਰੀਆ, ਜਿਨ੍ਹਾਂ ‘ਚ ਬਰਡਸ ਹਨ, ਉੱਥੇ ਸੁਰੱਖਿਆ ਉਪਾਅ ਵਰਤੇ ਜਾ ਰਹੇ ਹਨ।
ਪੋਲਟਰੀ ਫਾਰਮ ਮਲਿਕ ਦਾ ਕਹਿਣਾ ਹੈ ਕਿ ਸਾਲ 2006 ‘ਚ ਬਰਡ ਫਲੂ ਪਹਿਲੀ ਵਾਰ ਸਾਹਮਣੇ ਆਇਆ ਸੀ ਤੇ ਉਦੋਂ ਤੋਂ ਲੈ ਕੇ ਕਈ ਵਾਰ ਇਸ ਰੌਲੇ ਕਾਰਨ ਉਨ੍ਹਾਂ ਦੇ ਕਾਰੋਬਾਰ ‘ਤੇ ਬਹੁਤ ਬੁਰਾ ਅਸਰ ਹੋਇਆ। ਇਸ ਵਾਰ ਵੀ ਉਸ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜੋ ਲੋਕ ਸਿੱਧੇ ਤੌਰ ‘ਤੇ ਕਿਸੇ ਪੰਛੀ ਦੇ ਸੰਪਰਕ ‘ਚ ਆਉਂਦੇ ਹਨ, ਉਨ੍ਹਾਂ ‘ਤੇ ਬਰਡ ਫਲੂ ਦਾ ਅਸਰ ਹੁੰਦਾ ਹੈ। ਮੀਟ ਤੇ ਆਂਡੇ ਖਾਣ ਵਾਲਿਆਂ ਨੂੰ ਇਸ ਦਾ ਕੋਈ ਅਸਰ ਨਹੀਂ ਹੁੰਦਾ। ਇਸ ਲਈ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ।
ਉਧਰ, ਇਸ ਮਾਮਲੇ ‘ਚ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਉਨ੍ਹਾਂ ਦੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੀਤੇ ਕੱਲ੍ਹ ਹੀ ਇਹ ਸਾਫ ਤੌਰ ਕਰ ਦਿੱਤਾ ਗਿਆ ਸੀ ਕਿ ਪੰਜਾਬ ਭਰ ‘ਚ ਬਰਡ ਫਲੂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਪਸ਼ੂ ਪਾਲਣ ਵਿਭਾਗ ਤੇ ਜੰਗਲੀ ਜੀਵ ਵਿਭਾਗ ਨੇ ਆਪਣੇ ਤੌਰ ‘ਤੇ ਪੰਜਾਬ ‘ਚ ਕਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।
ਉਨ੍ਹਾਂ ਵੱਲੋਂ ਜ਼ਮੀਨੀ ਤੌਰ ‘ਤੇ ਉਸ ਤਹਿਤ ਕੰਮ ਕੀਤਾ ਜਾ ਰਿਹਾ ਹੈ ਤੇ ਇਸ ਬਰਡ ਫਲੂ ਦੇ ਬਚਾਵ ਲਈ ਪੋਲਟਰੀ ਫਾਰਮ ‘ਚ ਵੀ ਜੋ ਅਹਤਿਆਤ ਦੇ ਤੌਰ ‘ਤੇ ਲੋੜ ਹੈ, ਉਸ ਬਾਰੇ ਦੱਸਿਆ ਜਾ ਰਿਹਾ ਹੈ। ਉਨ੍ਹਾਂ ਵੇਟਨਰੀ ਡਾਕਟਰਾਂ ਦੀਆਂ ਟੀਮਾਂ ਵਲੋਂ ਇਸ ਮਾਮਲੇ ‘ਚ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤੇ ਲੋਕਾਂ ਨੂੰ ਵੀ ਇਸ ਦਹਿਸ਼ਤ ਦੇ ਪ੍ਰਭਾਵ ਹੇਠ ਨਹੀਂ ਆਉਣਾ ਚਾਹੀਦਾ।
