ਚੰਡੀਗੜ੍ਹ 28 ਅਕਤੂਬਰ (ਸਾਰਾ ਯਹਾ /ਬਿਓਰੋ ਰਿਪੋਰਟ): ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਇਜਾਜ਼ਤ ਦੇਣ ਦੇ ਬਾਵਜੂਦ ਰੇਲਵੇ ਨੇ ਪੰਜਾਬ ਜਾਣ ਵਾਲੀਆਂ ਮਾਲ ਗੱਡੀਆਂ ਨੂੰ ਰੋਕ ਦਿੱਤਾ ਹੈ। ਅੱਜ ਮਾਝੇ ਦੇ ਵਿਧਾਨ ਸਭਾ ਹਲਕਾ ਅਜਨਾਲਾ ‘ਚ ਰੈਲੀ ਦੌਰਾਨ ਵੀ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਦੇ ਰੇਲਾਂ ਰੋਕਣ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ।
ਅੱਜ ਕਿਸਾਨਾਂ ਨੂੰ ਰੈਲੀ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ, “ਭਾਰਤ ਦੀਆਂ ਗੱਡੀਆਂ ਪੰਜਾਬ ਨਹੀਂ ਆਉਣਗੀਆਂ, ਪੰਜਾਬੀਆਂ ਨੇ ਕੀ ਗੁਨਾਹ ਕਰ ਦਿੱਤਾ ਹੈ।” ਜਾਖੜ ਨੇ ਪ੍ਰਧਾਨ ਮੰਤਰੀ ਮੋਦੀ ਤੇ ਦੋਸ਼ ਲਾਉਂਦੇ ਹੋਏ ਕਿਹਾ, “ਮੋਦੀ ਨੇ ਕਿਸਾਨਾਂ ਨੂੰ ਕਲਮ ਨਾਲ ਮਾਰਿਆ ਹੈ।”
24 ਸਤੰਬਰ ਤੋਂ ਰਾਜ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਠੱਪ ਹੈ, ਕਿਸਾਨ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਤੇ ਉਨ੍ਹਾਂ ਰੇਲਵੇ ਟ੍ਰੈਕਾਂ ਤੇ ਮੋਰਚੇ ਸਾਂਭੇ ਹੋਏ ਹਨ। ਇਸ ਦੌਰਾਨ ਰੇਲ ਆਵਾਜਾਈ ਨੂੰ ਕਿਸਾਨਾਂ ਨੇ ਰੋਕਿਆ ਹੋਇਆ ਸੀ ਪਰ 21 ਅਕਤੂਬਰ ਨੂੰ ਕਿਸਾਨਾਂ ਨੇ ਫੈਸਲਾ ਲਿਆ ਸੀ ਕਿ ਸਿਰਫ ਮਾਲ ਗੱਡੀਆਂ ਨੂੰ ਹੀ ਲੰਘਣ ਦਿੱਤਾ ਜਾਵੇਗਾ ਤੇ ਯਾਤਰੀ ਟ੍ਰੇਨਾਂ ‘ਤੇ ਫੈਸਲਾ 4 ਨਵੰਬਰ ਨੂੰ ਲਿਆ ਜਾਵੇਗਾ।
ਇਸੇ ਦੌਰਾਨ, ਅਮਰਿੰਦਰ ਸਰਕਾਰ ਨੇ ਸੋਮਵਾਰ ਨੂੰ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੂੰ ਦਖਲ ਦੇਣ ਲਈ ਕਿਹਾ ਸੀ, ਜਦੋਂ ਰੇਲਵੇ ਵੱਲੋਂ ਰਾਜ ਵਿੱਚ ਮਾਲ ਗੱਡੀਆਂ ਦੇ ਸੰਚਾਲਨ ਨੂੰ ਮੁਲਤਵੀ ਕਰਨ ਦੇ ਫੈਸਲੇ ਤੋਂ ਬਾਅਦ ਕਿਹਾ ਗਿਆ ਸੀ ਕਿ ਪ੍ਰਦਰਸ਼ਨਕਾਰੀ ਕਿਸਾਨ ਅਜੇ ਵੀ ਟਰੈਕ ਰੋਕ ਰਹੇ ਹਨ।ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕਦਮ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੂੰ ਹੋਰ ਭੜਕਾਵੇਗਾ।