ਚੰਡੀਗੜ੍ਹ 17,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ‘ਚ ਕੋਰੋਨਾ (Punjab Corona Cases) ਦੇ ਨਵੇਂ ਕੇਸਾਂ ਤੇ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ, ਜਦਕਿ ਟੀਕਾਕਰਨ (Corona Vaccination) ਦਾ ਅੰਕੜਾ ਡਿੱਗਦਾ ਜਾ ਰਿਹਾ ਹੈ। ਇਸ ਲਈ ਪੰਜਾਬ ਸਰਕਾਰ (Punjab Government) ਸਾਹਮਣੇ ਨਵੀਂ ਬਿਪਤਾ ਖੜ੍ਹੀ ਹੋ ਗਈ ਹੈ। ਪੰਜਾਬ ਸਰਕਾਰ ਨੇ ਵਿਦੇਸ਼ਾਂ ਵਿੱਚ ਵੈਕਸੀਨ ਖਰੀਦਣ ਦਾ ਫੈਸਲਾ ਕੀਤਾ ਹੈ ਪਰ ਅਜੇ ਤੱਕ ਇਸ ਬਾਰੇ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ।
ਦੱਸ ਦਈਏ ਕਿ ਪਿਛਲੇ ਹਫ਼ਤੇ 9 ਮਈ ਤੋਂ 15 ਮਈ ਵਿਚਕਾਰ ਟੀਕੇ ਦੀਆਂ ਸਿਰਫ 2.69 ਲੱਖ ਖੁਰਾਕਾਂ ਲਾਈਆਂ ਗਈਆਂ ਹਨ। ਸ਼ੁਰੂਆਤੀ ਹਫ਼ਤਿਆਂ ਦੀ ਔਸਤਨ ਖੁਰਾਕਾਂ 5 ਤੋਂ 6 ਲੱਖ ਵਿਚਕਾਰ ਸਨ।ਅਪ੍ਰੈਲ ਦੇ ਅੱਧ ਤਕ ਸੂਬੇ ‘ਚ ਔਸਤਨ 6 ਤੋਂ 7 ਲੱਖ ਦੇ ਵਿਚਕਾਰ ਖੁਰਾਕਾਂ ਦਿੱਤੀਆਂ ਗਈਆਂ ਸਨ ਪਰ ਟੀਕੇ ਦੀ ਘਾਟ ਕਾਰਨ ਅਗਲੇ ਪੰਜ ਹਫ਼ਤਿਆਂ ‘ਚ ਇਸ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ।
ਸੂਬੇ ਦੇ ਸਿਹਤ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ ਪਿਛਲੇ ਦੋ ਹਫਤਿਆਂ ‘ਚ ਸਥਿਤੀ ਅਜਿਹੀ ਸੀ ਕਿ 2 ਮਈ ਤੋਂ 8 ਮਈ ਦੇ ਵਿਚਕਾਰ ਸੂਬੇ ਨੇ ਸਿਰਫ਼ 3.38 ਲੱਖ ਖੁਰਾਕਾਂ ਦਿੱਤੀਆਂ ਅਤੇ ਅਗਲੇ ਹਫ਼ਤੇ ‘ਚ ਇਹ ਘੱਟ ਕੇ 2.69 ਲੱਖ ਰਹੀ ਗਈਆਂ। ਮੌਜੂਦਾ ਹਫ਼ਤੇ ‘ਚ ਸਥਿਤੀ ਇਹ ਹੈ ਕਿ ਐਤਵਾਰ ਨੂੰ ਪੂਰੇ ਦਿਨ ‘ਚ ਸਿਰਫ਼ 39,000 ਖੁਰਾਕਾਂ ਹੀ ਦਿੱਤੀਆਂ ਗਈਆਂ।
ਮਾਰਚ ‘ਚ ਸੂਬੇ ਵਿੱਚ ਰੋਜ਼ਾਨਾ 1.5 ਲੱਖ ਟੀਕੇ ਲਗਾਉਣ ਦਾ ਐਲਾਨ ਕੀਤਾ ਗਿਆ ਸੀ, ਪਰ ਪਿਛਲੇ ਡੇਢ ਮਹੀਨੇ ਤੋਂ ਕੇਂਦਰ ਵੱਲੋਂ ਸਪਲਾਈ ਦੀ ਘਾਟ ਕਾਰਨ ਇਸ ਮੁਹਿੰਮ ‘ਚ ਭਾਰੀ ਗਿਰਾਵਟ ਆਈ। ਸੂਬੇ ‘ਚ ਹੁਣ ਤਕ ਵੱਖ-ਵੱਖ ਗਰੁੱਪਾਂ ਨੂੰ 41.48 ਲੱਖ ਵੈਕਸੀਨ ਦੀਆਂ ਲਗਾਈਆਂ ਹਨ, ਜਿਨ੍ਹਾਂ ‘ਚ ਸਿਹਤ ਸੰਭਾਲ ਕਰਮਚਾਰੀ, ਫ਼ਰੰਟਲਾਈਨ ਕਰਮਚਾਰੀ ਤੇ 18 ਸਾਲ ਤੋਂ ਵੱਧ ਉਮਰ ਦੇ ਲੋਕ ਸ਼ਾਮਲ ਹਨ।\\