
ਚੰਡੀਗੜ੍ਹ 09 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਸੂਬੇ ਵਿੱਚ ਕੰਮ ਕਰ ਰਹੇ ਬੁਆਇਲਰਾਂ ਦੀ ਤਕਨੀਕੀ ਮਨੁੱਖੀ ਸ਼ਕਤੀ ਦੀ ਘਾਟ ਨੂੰ ਪੂਰਾ ਕਰਨ ਅਤੇ ਰੋਜ਼ਗਾਰ ਦੀ ਸੰਭਾਵਨਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਬੁਆਇਲਰ ਆਪ੍ਰੇਸ਼ਨ ਇੰਜੀਨੀਅਰਜ਼ (BOE) ਦੀ ਪ੍ਰੀਖਿਆ ਅਕਤੂਬਰ ਜਾਂ ਨਵੰਬਰ ਵਿੱਚ ਕਰਵਾਈ ਜਾਵੇਗੀ।
ਉਦਯੋਗ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਪ੍ਰੀਖਿਆ ਪਹਿਲਾਂ ਅਗਸਤ ਵਿੱਚ ਆਯੋਜਿਤ ਕੀਤੀ ਜਾਣੀ ਸੀ ਪਰ ਕੋਵਿਡ ਕਾਰਨ ਪੈਦਾ ਹੋਈ ਸੰਕਟ ਦੇ ਮੱਦੇਨਜ਼ਰ ਮੁਲਤਵੀ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬੁਆਇਲਰ ਆਪ੍ਰੇਸ਼ਨ ਇੰਜੀਨੀਅਰਜ਼ ਦੀ ਪ੍ਰੀਖਿਆ ਪਿਛਲੀ ਵਾਰ ਸਾਲ 2010 ਵਿਚ ਪੰਜਾਬ ਵਿਚ ਹੋਈ ਸੀ।
ਉੱਚ ਪੱਧਰੀ ਪ੍ਰੀਖਿਆ ਨੂੰ ਜਾਰੀ ਰੱਖਣ ਲਈ ਸੂਬਾ ਸਰਕਾਰ ਵਲੋਂ ਆਧੁਨਿਕ ਬੁਆਇਲਰ ਕਾਰਜ ਪ੍ਰਣਾਲੀ ਸਬੰਧੀ ਉੱਚ ਵਿੱਦਿਅਕ ਯੋਗਤਾ ਅਤੇ ਵਿਵਹਾਰਕ ਗਿਆਨ ਰੱਖਣ ਵਾਲੇ ਮੈਂਬਰਾਂ ਮਾਹਰਾਂ ਦਾ ਇੱਕ ਪ੍ਰੀਖਿਆ ਬੋਰਡ ਬਣਾਇਆ ਗਿਆ ਹੈ। ਇਮਤਿਹਾਨ ਵਿੱਚ ਲਿਖਤੀ ਅਤੇ ਮੌਖਿਕ ਪ੍ਰੀਖਿਆ ਹੋਵੇਗੀ। ਲਿਖਤੀ ਪ੍ਰੀਖਿਆ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵੱਲੋਂ ਕਰਵਾਈ ਜਾਵੇਗੀ।
