29,ਅਪ੍ਰੈਲ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ‘ਚ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਤਕ ਪਹੁੰਚ ਗਈ ਹੈ। 5 ਥਰਮਲ ਪਲਾਂਟਾਂ ਦੇ 4 ਯੂਨਿਟ ਫੇਲ ਹੋਣ ਕਾਰਨ ਸੰਕਟ ਹੋਰ ਡੂੰਘਾ ਹੋ ਗਿਆ ਹੈ। ਮੰਗ ਤੇ ਸਪਲਾਈ ‘ਚ ਕਰੀਬ 1200 ਮੈਗਾਵਾਟ ਦਾ ਅੰਤਰ ਹੈ।
ਚਾਰ ਸਾਲਾਂ ‘ਚ ਇਹ ਪਹਿਲੀ ਵਾਰ ਹੈ ਜਦੋਂ ਇਨ੍ਹੀਂ ਦਿਨੀਂ ਇੰਨੀ ਜ਼ਿਆਦਾ ਮੰਗ ਆਈ ਹੈ। ਉਧਰ ਬਿਜਲੀ ਮੰਤਰੀ ਨੇ ਕਿਹਾ ਕਿ 26 ਅਪ੍ਰੈਲ ਨੂੰ ਤਕਨੀਕੀ ਖ਼ਰਾਬੀ ਕਾਰਨ 800 ਮੈਗਾਵਾਟ ਦੇ ਤਲਵੰਡੀ ਤੇ ਰੋਪੜ ਥਰਮਲ ਪਲਾਂਟ ਬੰਦ ਕਰ ਦਿੱਤੇ ਗਏ ਸਨ। ਜਿਸ ਕਾਰਨ ਸੂਬੇ ‘ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਇਸ ਨੂੰ ਜਲਦੀ ਹੀ ਠੀਕ ਕਰ ਦਿੱਤਾ ਜਾਵੇਗਾ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਿਜਲੀ ਦੀ ਮੰਗ 40 ਫੀਸਦੀ ਵਧੀ ਹੈ। ਇਹ ਸੰਕਟ ਸਿਰਫ਼ ਪੰਜਾਬ ‘ਚ ਹੀ ਨਹੀਂ ਸਗੋਂ ਪੂਰੇ ਦੇਸ਼ ‘ਚ ਹੈ। ਸੀਐਮ ਭਗਵੰਤ ਮਾਨ ਸਾਰੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। 75 ਸਾਲਾਂ ਤੋਂ ਪੰਜਾਬ ‘ਚ ਪੁਰਾਣੀਆਂ ਸਰਕਾਰਾਂ ਨੇ ਬਿਜਲੀ ਪ੍ਰਣਾਲੀ ਤੇ ਥਰਮਲ ਪਲਾਂਟਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਉਨ੍ਹਾਂ ਦੇ ਸਿਸਟਮ ‘ਚ ਕੋਈ ਸੁਧਾਰ ਨਹੀਂ ਕੀਤਾ ਗਿਆ।
ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨਿਊ ਅੰਮ੍ਰਿਤਸਰ ਇਲਾਕੇ ਵਿੱਚ ਇਕੱਠੇ ਹੋਏ ਕਿਸਾਨਾਂ ਦੀ ਪੁਲਿਸ ਨਾਲ ਹੱਥੋਪਾਈ ਵੀ ਹੋਈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ ਜਾਗ ਕੇ ਕੱਟਣੀ ਪੈਂਦੀ ਹੈ।
ਕਿਸਾਨਾਂ ਨੇ ਇਲਜ਼ਾਮ ਲਾਏ ਕਿ ਨਵੀਂ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਨਾ ਤਾਂ ਉਨ੍ਹਾਂ ਦੇ ਖੇਤਾਂ ਨੂੰ ਬਿਜਲੀ ਮਿਲ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੇ ਘਰਾਂ ਨੂੰ ਬਿਜਲੀ ਮਿਲ ਰਹੀ ਹੈ। ਪਿੰਡਾਂ ਵਿੱਚ 24 ਘੰਟਿਆਂ ਵਿੱਚ 18-18 ਘੰਟੇ ਬਿਜਲੀ ਕੱਟ ਲੱਗ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਦਿਨ ਵਿੱਚ 4 ਘੰਟੇ ਬਿਜਲੀ ਮਿਲਦੀ ਹੈ ਉਹ ਵੀ ਟੁੱਟ-ਟੁੱਟ ਕੇ ਆ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਬਿਜਲੀ ਸਪਲਾਈ ਦੀ ਹਾਲਤ ਬਹੁਤ ਮਾੜੀ ਹੈ। ਘਰ ਬੈਠਣਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਸਰਕਾਰ ਨੇ 24 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਲੋਕ ਬਿਜਲੀ ਨੂੰ ਹੀ ਤਰਸ ਰਹੇ ਹਨ ਜਿਸ ਦੇ ਰੋਸ ‘ਚ ਉਨ੍ਹਾਂ ਵੱਲੋਂ ਬਿਜਲੀ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾ ਰਿਹਾ ਹੈ।