ਪੰਜਾਬ ‘ਚ ਨਾਈਟ ਕਰਫਿਊ ਦੀ ਵਧੀ ਮਿਆਦ..! ਅਤੇ ਹੋਰ ਵਿਆਹਾਂ ਸਬੰਧਤ ਨਿਯਮ ਬਦਲੇ..!

0
265

ਚੰਡੀਗੜ੍ਹ, 11 ਦਸੰਬਰ(ਸਾਰਾ ਯਹਾ / ਮੁੱਖ ਸੰਪਾਦਕ) ਵਿਆਹਾਂ ਅਤੇ ਪਾਰਟੀਆਂ ਦੌਰਾਨ ਕੋਵਿਡ ਦੀਆਂ ਰੋਕਾਂ ਦੀ ਵੱਡੀ ਪੱਧਰ ‘ਤੇ ਉਲੰਘਣਾ ਦੀਆਂ ਸ਼ਿਕਾਇਤਾਂ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਇਕ ਜਨਵਰੀ, 2021 ਤੱਕ ਇਨਡੋਰ ਅਤੇ ਆਊਟਡੋਰ ਇਕੱਠਾਂ ਦੀ ਗਿਣਤੀ ਕ੍ਰਮਵਾਰ 100 ਅਤੇ 250 ਤੱਕ ਰੱਖਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਰਾਤ ਦਾ ਕਰਫਿਊ ਇਕ ਜਨਵਰੀ, 2021 ਤੱਕ ਵਧਾਉਣ ਦੇ ਵੀ ਹੁਕਮ ਜਾਰੀ ਕੀਤੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਮੈਰਿਜ ਪੈਲੇਸਾਂ ਅਤੇ ਹੋਰ ਥਾਂਵਾਂ ‘ਤੇ ਬੰਦਿਸ਼ਾਂ ਸਖਤੀ ਨੂੰ ਲਾਗੂ ਕਰਨ ਦੇ ਹੁਕਮ ਦਿੱਤੇ ਹਨ ਅਤੇ ਉਲੰਘਣਾ ਦੀ ਸੂਰਤ ਵਿੱਚ ਮੇਜ਼ਬਾਨ ‘ਤੇ ਜੁਰਮਾਨਾ ਲਾਉਣ ਲਈ ਆਖਿਆ।
ਸੂਬੇ ਵਿੱਚ ਵੱਧ ਮ੍ਰਿਤਕ ਦਰ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਕਰਫਿਊ ਦੀਆਂ ਬੰਦਿਸ਼ਾਂ (ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ) ਇਕ ਜਨਵਰੀ ਤੱਕ ਵਧਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਰਾਤ ਦਾ ਕਰਫਿਊ ਇਕ ਦਸੰਬਰ ਤੋਂ 15 ਦਸੰਬਰ ਤੱਕ ਲਾਇਆ ਗਿਆ ਸੀ।
ਕੋਵਿਡ ਦੇ ਜਾਇਜ਼ੇ ਲਈ ਉਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਹਿ-ਰੋਗਾਂ ਤੋਂ ਪੀੜਤ 70 ਸਾਲ ਤੋਂ ਵੱਧ ਉਮਰ ਦੇ ਪਾਜ਼ੇਟਿਵ ਮਰੀਜ਼ਾਂ ਲਈ ਘਰੇਲੂ ਇਕਾਂਤਵਾਸ ਖਤਮ ਕਰਨ ਦੇ ਹੁਕਮ ਦਿੱਤੇ, ਬਸ਼ਰਤੇ ਕਿ ਘਰ ਵਿੱਚ ਢੁਕਵੀਆਂ ਮੈਡੀਕਲ ਸਹੂਲਤਾਂ ਮੁਹੱਈਆ ਹੋ ਸਕਦੀਆਂ ਹੋਣ। ਵਰਚੂਅਲ ਮੀਟਿੰਗ ਦੌਰਾਨ ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਕੋਵਿਡ ਮੌਤਾਂ ਘਰੇਲੂ ਏਕਾਂਤਵਾਸ ਕੇਸਾਂ ਵਿੱਚੋਂ ਸਾਹਮਣੇ ਆਈਆਂ ਹਨ।
ਹੋਰ ਮੌਤਾਂ ਨੂੰ ਰੋਕਣ ਲਈ ਮੁੱਖ ਮੰਤਰੀ ਨੇ ਸਾਰੇ ਪ੍ਰਾਈਵੇਟ ਹਸਪਤਾਲਾਂ ਦੀ ਵਿਸਥਾਰਤ ਜਾਂਚ ਦੇ ਹੁਕਮ ਦਿੱਤੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਰਫ ਲੈਵਲ-3 ਦੇ ਢੁਕਵੇਂ ਬੁਨਿਆਦੀ ਢਾਂਚੇ ਅਤੇ ਮਨੁੱਖੀ ਸ਼ਕਤੀ ਵਾਲੇ ਹਸਪਤਾਲਾਂ ਨੂੰ ਹੀ ਕੋਵਿਡ ਮਰੀਜ਼ ਦਾਖਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਸਹੂਲਤਾਂ ਦੀ ਘਾਟ ਵਾਲੇ ਹਸਪਤਾਲਾਂ ਨੂੰ ਮਰੀਜ਼ ਹੋਰ ਹਸਪਤਾਲਾਂ ਵਿੱਚ ਰੈਫਰ ਕਰ ਦੇਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਪਿਛਲੇ ਤਿੰਨ ਹਫ਼ਤਿਆਂ ਤੋਂ ਪੰਜਾਬ ਵਿੱਚ ਘਟ ਰਹੀ ਪਾਜ਼ੇਟਿਵ ਦਰ ਸਵਾਗਤਯੋਗ ਹੈ ਪਰ ਮੌਤ ਦਰ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਡੀ.ਜੀ.ਪੀ. ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਸਮੇਤ ਕੋਵਿਡ ਦੇ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਆਰ.ਟੀ.ਪੀ.ਸੀ.ਆਰ. ਸੈਂਪਲਿੰਗ/ਟੈਸਟਿੰਗ ਦਰ ਪ੍ਰਤੀ ਦਿਨ 30,000 ਦੀ ਸੀਮਾ ਬਰਕਰਾਰ ਰੱਖਣ ਲਈ ਆਖਿਆ ਅਤੇ ਸੰਭਾਵਿਤ ਤੌਰ ‘ਤੇ ਕਰੋਨਾ ਫੈਲਾਉਣ ਵਾਲਿਆਂ ਨੂੰ ਸ਼ਾਮਲ ਕਰਨ ਲਈ ਟੀਚਾਗਤ ਸੈਂਪਲਿੰਗ ‘ਤੇ ਹੋਰ ਜ਼ੋਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਨੂੰ ‘ਇਤਿਹਾਸ’ ਪੋਰਟਲ ਦੀ ਪੂਰੀ ਵਰਤੋਂ ਕਰਨ ਲਈ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਤਾਂ ਕਿ ਸੰਭਾਵੀ ਹੌਟਸਪੌਟ (ਪ੍ਰਭਾਵਿਤ ਥਾਂਵਾਂ) ਦੀ ਸ਼ਨਾਖਤ ਕਰਨ ਅਤੇ ਉਥੇ ਉਨ੍ਹਾਂ ਦੀ ਸੈਪਲਿੰਗ ਨੂੰ ਕੇਂਦਰਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕੰਟੇਨਮੈਂਟ ਅਤੇ ਮਾਈਕ੍ਰੋ-ਕੰਟੇਨਮੈਂਟ ਜ਼ੋਨਾਂ ਵਿੱਚ ਟੈਸਟਿੰਗ ਵਧਾਉਣ ਅਤੇ 100 ਫੀਸਦੀ ਸੈਪਲਿੰਗ ਨੂੰ ਯਕੀਨੀ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਇਹ ਵੀ ਕਿਹਾ ਕਿ ਦਿੱਲੀ ਵਿਖੇ ਕੇਸਾਂ ਦੀ ਵਧੀ ਗਿਣਤੀ ਤੋਂ ਦਰਪੇਸ਼ ਖਤਰੇ ਦੇ ਮੱਦੇਨਜ਼ਰ ਉਥੋਂ ਵਾਪਸ ਆਉਣ ਵਾਲੇ ਕਿਸਾਨਾਂ ਦੀ ਸਿਹਤ ਦੀ ਜਾਂਚ ਕੀਤੀ ਜਾਵੇ।
ਸਿਹਤ ਸਕੱਤਰ ਹੁਸਨ ਲਾਲ ਨੇ ਇਸ ਮੌਕੇ ਖੁਲਾਸਾ ਕੀਤਾ ਕਿ ਅਜੇ ਤੱਕ ਸੂਬੇ ਵਿੱਚ 35 ਲੱਖ ਨਮੂਨਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਵਿਚੋਂ 1.5 ਲੱਖ ਨਮੂਨੇ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ, ਪੰਜਾਬ ਵਿੱਚ ਦੂਜੀ ਲਹਿਰ ਮੱਠੀ ਹੀ ਰਹੀ ਹੈ ਪਰ ਉਨ੍ਹਾਂ ਇਹ ਵੀ ਦੱਸਿਆ ਕਿ ਸਿਹਤ ਵਿਭਾਗ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾਂ ਇਸ ਪੱਖ ਨੂੰ ਵੀ ਜ਼ੇਰੇ ਗੌਰ ਲਿਆ ਕਿ 87 ਫੀਸਦੀ ਮੌਤਾਂ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀਆਂ ਹੋਈਆਂ ਹਨ ਅਤੇ ਨਿੱਜੀ ਟਰਸ਼ਰੀ ਕੇਅਰ ਸੈਂਟਰਾਂ ਵਿੱਚ ਮੌਤਾਂ ਦੀ ਦਰ 50 ਫੀਸਦੀ ਹੈ।
ਪੰਜਾਬ ਸਰਕਾਰ ਦੇ ਸਿਹਤ ਸਲਾਹਕਾਰ ਡਾ. ਕੇ.ਕੇ.ਤਲਵਾੜ ਨੇ ਮੀਟਿੰਗ ਦੌਰਾਨ ਉਨ੍ਹਾਂ ਕਦਮਾਂ ਬਾਰੇ ਜਾਣਕਾਰੀ ਦਿੱਤੀ ਜੋ ਕਿ ਮੌਤ ਦੀ ਦਰ ਹੋਰ ਘਟਾਉਣ ਲਈ ਚੁੱਕੇ ਜਾ ਰਹੇ ਹਨ। ਇਸ ਪੱਖ ‘ਤੇ ਗੌਰ ਕਰਦੇ ਹੋਏ ਨਵੰਬਰ ਦੌਰਾਨ 3.2 ਫੀਸਦੀ ਰਹਿ ਜਾਣ ਦੇ ਬਾਵਜੂਦ ਵੀ ਸੀ.ਐਫ.ਆਰ. ਅਜੇ ਵੀ ਚਿੰਤਾ ਦਾ ਵਿਸ਼ਾ ਹੈ, ਡਾ. ਤਲਵਾੜ ਨੇ ਕਿਹਾ ਕਿ ਮਰੀਜ਼ਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹਰੇਕ ਹਫਤੇ ਹਸਪਤਾਲ ਪੱਧਰ ‘ਤੇ ਵਿਸਥਾਰਿਤ ਰੂਪ ਵਿੱਚ ਮੌਤ ਦੀ ਦਰ ਸਬੰਧੀ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਨ-ਹਾਊਸ ਬਲੱਡ ਗੈਸ ਐਨਾਲਾਈਜ਼ਰ ਅਤੇ ਹਾਈ ਫਲੋ ਨੇਜ਼ਲ ਕੈਨੂਲਾਸ ਦੀ ਉਪਲਬਧਤਾ ਯਕੀਨੀ ਬਣਾਈ ਜਾ ਰਹੀ ਹੈ ਖਾਸਕਰ ਕੇ ਤੀਸਰੇ ਪੱਧਰ ‘ਤੇ ਅਤੇ ਇਸ ਦੇ ਨਾਲ ਹੀ ਆਈ.ਸੀ.ਯੂ. ਵਿੱਚ ਪ੍ਰਤੀ 2 ਬਿਸਤਰੇ ‘ਤੇ 1 ਨਰਸ ਅਤੇ ਦਿਸ਼ਾ-ਨਿਰਦੇਸ਼ ਆਧਾਰਿਤ ਇਲਾਜ ਪ੍ਰਣਾਲੀ ਅਪਣਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੌਤਾਂ ਦੀ ਜ਼ਿਆਦਾ ਗਿਣਤੀ ਦਾ ਕਾਰਨ ਸਹਿ-ਰੋਗਾਂ ਦਾ ਹੋਣਾ ਹੈ।

LEAVE A REPLY

Please enter your comment!
Please enter your name here