ਚੰਡੀਗੜ੍ਹ 29,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼):: ਇੱਕ ਪਾਸੇ ਜਿੱਥੇ ਉਦਰ ਭਾਰਤ ਅਤੇ ਪੰਜਾਬ ‘ਚ ਗਰਮੀ ਦਾ ਕਹਿਰ ਵੱਧ ਰਿਹਾ ਹੈ ਇਸ ਦੇ ਨਾਲ ਹੀ ਸੂਬੇ ‘ਚ ਬਿਜਲੀ ਦੀ ਮੰਗ ਵੀ ਵਧਦੀ ਜਾ ਰਹੀ ਹੈ। ਨਾਲ ਹੀ ਸੂਬੇ ਦੀ ਨਵੀਂ ਸਰਕਾਰ ਆਮ ਆਦਮੀ ਪਾਰਟੀ ਨੂੰ ਇਸ ਸਬੰਧੀ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦਈਏ ਕਿ ਸੂਬੇ ‘ਚ ਆ ਰਹੀ ਬਿਜਲੀ ਦੀ ਕਮੀ ਅਤੇ ਬਿਜਲੀ ਸਬੰਧੀ ਹੋਰ ਮੁਸ਼ਕਲਾਂ ਦੇ ਲਈ ਏਬੀਪੀ ਸਾਂਝਾ ਦੀ ਟੀਮ ਨੇ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਖਾਸ ਗੱਲ ਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ ਅਤੇ ਨਾ ਹੀ ਪੰਜਾਬ ਵਿੱਚ ਕੋਲੇ ਦੀ ਕੋਈ ਕਮੀ ਹੋਵੇਗੀ, ਜਿਸ ਲਈ ਅਸੀਂ ਡਿਊਟੀ ਲਗਾਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਹਨ, ਉਨ੍ਹਾਂ ਦੇ ਕਾਨੂੰਨ ਨੂੰ ਦੇਖਿਆ ਜਾਵੇਗਾ, ਜਿਸ ਤਹਿਤ ਉਨ੍ਹਾਂ ਦਾ ਧਿਆਨ ਰੱਖਿਆ ਜਾਵੇਗਾ ਕਿਉਂਕਿ ਅਕਸਰ ਜਦੋਂ ਬਿਜਲੀ ਦੀ ਲੋੜ ਹੁੰਦੀ ਹੈ ਤਾਂ ਉਸ ਸਮੇਂ ਥਰਮਲ ਪਲਾਂਟ ਕਿਉਂ ਬੰਦ ਕਰ ਦਿੱਤੇ ਜਾਂਦੇ ਹਨ, ਇਸ ਗੱਲ ‘ਤੇ ਵੀ ਚਰਚਾ ਕੀਤੀ ਜਾਵੇਗੀ ਅਤੇ ਹੁਣ ਤੋਂ ਹੀ ਇਨ੍ਹਾਂ ਤਿੰਨੋਂ ਪਲਾਂਟਾਂ ਨਾਲ ਗੱਲਬਾਤ ਕੀਤੀ ਜਾਵੇਗੀ।
ਜਦੋਂ ਸਾਡੀ ਟੀਮ ਨੇ ਬਿਜਲੀ ਮੰਤਰੀ ਤੋਂ ਪੰਜਾਬ ‘ਚ ਪ੍ਰੀਪੇਡ ਮੀਟਰ ਲਗਾਉਣ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਸੀਂ ਪ੍ਰੀਪੇਡ ਮੀਟਰ ਨਹੀਂ ਸਮਾਰਟ ਮੀਟਰ ਲਗਾਵਾਂਗੇ। ਇਸ ਮੀਟਰ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਇੱਕ ਸਟਿਕ ਹੈ, ਬਿੱਲ ਤੁਹਾਡੇ ਮੋਬਾਈਲ ਵਿੱਚ ਆ ਜਾਵੇਗਾ। ਇਸ ਦੇ ਨਾਲ ਹੀ ਜੇਕਰ ਤੁਸੀਂ ਘਰ ਤੋਂ ਬਾਹਰ ਹੋਵੋਗੇ ਅਤੇ ਕੋਈ ਤੁਹਾਡੀ ਬਿਜਲੀ ਚੋਰੀ ਕਰੇਗਾ, ਤਾਂ ਤੁਸੀਂ ਇਸ ਬਾਰੇ ਵੀ ਜਾਣਕਾਰੀ ਮਿਲ ਜਾਵੇਗੀ ਤੇ ਤੁਸੀਂ ਇਸ ਬਿਜਲੀ ਚੋਰੀ ਨੂੰ ਮੋਬਾਈਲ ਤੋਂ ਹੀ ਚੈੱਕ ਕਰ ਸਕੋਗੇ।