(ਸਾਰਾ ਯਹਾਂ/ਬਿਊਰੋ ਨਿਊਜ਼ ) : ਪੰਜਾਬ ਵਿੱਚ ਨਸ਼ਾ ਤਸਕਰਾਂ ਤੇ ਸ਼ਰਾਰਤੀ ਅਨਸਰਾਂ ਦੀ ਸ਼ਾਮਤ ਆ ਗਈ ਹੈ। ਪੰਜਾਬ ਪੁਲਿਸ ਨੇ ਇਸ ਲਈ ਆਪਰੇਸ਼ਨ ਵਿਜੀਲ ਚਲਾਇਆ ਹੈ। ਅਪ੍ਰੇਸ਼ਨ ਵਿਜੀਲ ਦੇ ਨਿਸ਼ਾਨੇ ‘ਤੇ ਨਸ਼ਾ ਤਸਕਰ, ਸਮਾਜ ਵਿਰੋਧੀ ਅਨਸਰ ਤੇ ਸ਼ਰਾਰਤੀ ਅਨਸਰ ਹਨ। ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਸਾਰੀ ਕਾਰਵਾਈ ਦੀ ਨਿਗਰਾਨੀ ਕਰ ਰਹੇ ਹਨ।
ਇਸ ਬਾਰੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ ਭਰ ਵਿੱਚ 900 ਦੇ ਕਰੀਬ ਨਾਕੇਬੰਦੀਆਂ ਕੀਤੀਆਂ ਗਈਆਂ ਹਨ। ਸਾਰੇ ਜ਼ਿਲ੍ਹਿਆਂ ਵਿੱਚ ਆਈਜੀ ਰੈਂਕ ਦੇ ਅਧਿਕਾਰੀ ਖ਼ੁਦ ਫੀਲਡ ਵਿੱਚ ਸਰਚ ਆਪਰੇਸ਼ਨ ਚਲਾ ਰਹੇ ਹਨ। ਇਸ ਤਲਾਸ਼ੀ ਦੌਰਾਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼ਰਾਰਤੀ ਅਨਸਰਾਂ ਨੂੰ ਵੀ ਫੜਿਆ ਜਾਵੇਗਾ। ਸੁਰੱਖਿਆ ਕਰਮੀਆਂ ਨੂੰ ਜਨਤਕ ਥਾਵਾਂ ‘ਤੇ ਹਰ ਸਮੇਂ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਹ ਸਰਚ ਦੋ ਦਿਨਾਂ ਤੱਕ ਚੱਲੇਗੀ।
ਦੱਸ ਦਈਏ ਕਿ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਆਪਰੇਸ਼ਨ ਵਿਜੀਲ ਤਹਿਤ ਚੈਕਿੰਗ ਲਈ ਲੁਧਿਆਣਾ ਪਹੁੰਚੇ। ਗੌਰਵ ਯਾਦਵ ਸਭ ਤੋਂ ਪਹਿਲਾਂ ਬੱਸ ਸਟੈਂਡ ਪੁੱਜੇ। ਬੱਸ ਸਟੈਂਡ ’ਤੇ ਪੁਲਿਸ ਫੋਰਸ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਬੱਸ ਸਟੈਂਡ ਤੋਂ ਬਾਅਦ ਅਧਿਕਾਰੀਆਂ ਵੱਲੋਂ ਮਹਾਨਗਰ ਦੇ ਕਈ ਹੋਰ ਸਥਾਨਾਂ ‘ਤੇ ਵੀ ਤਲਾਸ਼ੀ ਲਈ ਜਾ ਰਹੀ ਹੈ, ਤਾਂ ਜੋ ਨਸ਼ਾ ਤਸਕਰਾਂ ਨੂੰ ਫੜਿਆ ਜਾ ਸਕੇ।
ਇਸ ਤੋਂ ਬਾਅਦ ਅੱਜ ਮਹਾਂਨਗਰ ਦੇ ਕਈ ਇਲਾਕਿਆਂ ਵਿੱਚ ਫਲੈਗ ਮਾਰਚ ਵੀ ਕੱਢਿਆ ਜਾਵੇਗਾ। ਡੀਜੀਪੀ ਯਾਦਵ ਦੇ ਆਉਣ ਤੋਂ ਪਹਿਲਾਂ ਹੀ ਬੱਸ ਸਟੈਂਡ, ਰੇਲਵੇ ਸਟੇਸ਼ਨ, ਧਾਰਮਿਕ ਸਥਾਨਾਂ ਤੇ ਹੋਰ ਜਨਤਕ ਥਾਵਾਂ ‘ਤੇ ਪੁਲਿਸ ਤੇ ਸੀਆਰਪੀਐਫ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ ਸਨ।
ਪੁਲਿਸ ਸੂਤਰਾਂ ਮੁਤਾਬਕ ਇਹ ਚੈਕਿੰਗ ਮੁਹਿੰਮ ਖਾਸ ਕਰਕੇ ਨਸ਼ਾ ਤਸਕਰਾਂ ਨੂੰ ਫੜਨ ਲਈ ਚਲਾਈ ਜਾ ਰਹੀ ਹੈ। ਇਹ ਮੁਹਿੰਮ ਸ਼ਾਮ 7 ਵਜੇ ਤੱਕ ਜਾਰੀ ਰਹੇਗੀ। ਸ਼ਹਿਰ ਵਿੱਚ ਕਰੀਬ 30 ਤੋਂ 35 ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ। ਪੁਲਿਸ ਆਉਣ-ਜਾਣ ਵਾਲੇ ਸਾਰੇ ਯਾਤਰੀਆਂ ਤੇ ਡਰਾਈਵਰਾਂ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਪੁਲਿਸ ਵੱਲੋਂ ਲੋਕਾਂ ਦਾ ਰਿਕਾਰਡ ਵੀ ਰੱਖਿਆ ਜਾ ਰਿਹਾ ਹੈ।