*ਪੰਜਾਬ ‘ਚ ਦੂਜੇ ਦਿਨ ਰੋਡਵੇਜ਼ ਦਾ ਚੱਕਾ ਜਾਮ, ਯਾਤਰੀ ਹੋ ਰਹੇ ਖੱਜਲ-ਖੁਆਰ*

0
26

ਅੰਮ੍ਰਿਤਸਰ 08,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਰੋਡਵੇਜ ਪਨਬੱਸ/ਪੀਆਰਟੀਸੀ ਕਾਨਟ੍ਰੈਕਟ ਵਰਕਰ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ ਅੱਜ ਦੂਜੇ ਦਿਨ ‘ਚ ਦਾਖਲ ਹੋ ਗਈ। ਇਸ ਦਾ ਸਿੱਧਾ ਅਸਰ ਮੁਸਾਫਰਾਂ ‘ਤੇ ਪੈ ਰਿਹਾ ਹੈ ਤੇ ਖਾਸਕਰ ਮਹਿਲਾਵਾਂ, ਜਿਨਾਂ ਨੂੰ ਪੰਜਾਬ ਸਰਕਾਰ ਨੇ ਮੁਫਤ ਸਫਰ ਦੀ ਸਹੂਲਤ ਦਿੱਤੀ ਹੈ।

ਅੰਮ੍ਰਿਤਸਰ ਬੱਸ ਅੱਡੇ ‘ਤੇ ਹੜਤਾਲ ਦੇ ਅੱਜ ਦੂਜੇ ਦਿਨ ਮੁਸਾਫਰ ਖੱਜਲ ਖੁਆਰ ਹੁੰਦੇ ਦਿਖਾਈ ਦਿੱਤੇ ਜਦਕਿ ਦੂਜੇ ਪਾਸੇ ਯੂਨੀਅਨ ਵੱਲੋੰ ਬੱਸਾਂ ਬੰਦ ਕਰਕੇ ਰੋਡਵੇਜ ਵਰਕਸ਼ਾਪ ‘ਚ ਰੋਸ ਪ੍ਰਦਰਸ਼ਨ ਕਰਕੇ ਹੜਤਾਲ ਜਾਰੀ ਰੱਖੀ। ਪਨਬੱਸ ਕੋਲ ਅੰਮ੍ਰਿਤਸਰ ‘ਚ ਵੱਡੇ ਰੂਟ ਹਨ, ਜੋ ਹੜਤਾਲ ਕਾਰਨ ਬੰਦ ਪਏ ਹਨ, ਮੁਸਾਫਰ ਪ੍ਰੇਸ਼ਾਨ ਹੋ ਰਹੇ ਹਨ। ਮਹਿਲਾਵਾਂ ਨੂੰ ਪੰਜਾਬ ਸਰਕਾਰ ਨੇ ਮੁਫਤ ਸਫਰ ਦੀ ਸਹੂਲਤ ਦਿੱਤੀ ਹੋਈ ਹੈ ਪਰ ਹੜਤਾਲ ਕਾਰਨ ਸਭ ਤੋਂ ਵੱਧ ਪ੍ਰੇਸ਼ਾਨ ਵੀ ਮਹਿਲਾਵਾਂ ਹੀ ਹਨ।

‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਮਹਿਲਾਵਾਂ ਨੇ ਕਿਹਾ ਕਿ ਸਰਕਾਰ ਨੇ ਜੇ ਸਹੂਲਤ ਦਿੱਤੀ ਹੈ ਤਾਂ ਇਸ ਦਾ ਲਾਭ ਬੇਰੋਕ-ਟੋਕ ਮਿਲਣਾ ਚਾਹੀਦਾ ਹੈ। ਇਸ ਲਈ ਸਰਕਾਰ ਨੂੰ ਹੜਤਾਲ ਖਤਮ ਕਰਵਾਉਣੀ ਚਾਹੀਦੀ ਹੈ। ਮੁਸਾਫਰਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਹੜਤਾਲ ‘ਤੇ ਗਏ ਮੁਲਾਜਮਾਂ ਦੀ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

ਉਧਰ ਯੂਨੀਅਨ ਲੀਡਰਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ ਤੇ 22 ਨਵੰਬਰ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਵਿੱਚ ਵੀ ਸਪੱਸ਼ਟ ਕੀਤਾ ਗਿਆ ਸੀ। ਯੂਨੀਅਨ ਆਗੂਆਂ ਵੱਲੋਂ ਪਹਿਲਾਂ ਮੰਤਰੀ ਦੇ ਪੀਏ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤੇ ਮੰਗਾਂ ਹੱਲ ਨਾ ਹੋਣ ’ਤੇ ਆਪਣੇ ਸੰਘਰਸ਼ ਦਾ ਐਲਾਨ ਕੀਤਾ ਗਿਆ ਪਰ ਸਰਕਾਰ ਵੱਲੋਂ ਕੋਈ ਮੀਟਿੰਗ ਜਾਂ ਠੋਸ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਮੁਲਾਜ਼ਮਾਂ ਨੂੰ ਮਜਬੂਰਨ 7 ਦਸੰਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਜਾਣਾ ਪਿਆ ਹੈ।

LEAVE A REPLY

Please enter your comment!
Please enter your name here