ਚੰਡੀਗੜ੍ਹ 23 ਅਕਤੂਬਰ (ਸਾਰਾ ਯਹਾ/ਬਿਓਰੋ ਰਿਪੋਰਟ): ਪੰਜਾਬ ਵਿਧਾਨ ਸਭਾ ‘ਚ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪਾਸ ਕੀਤੇ ਗਏ ਬਿੱਲਾਂ ਨੂੰ ਕਾਂਗਰਸ ਨੇ ਰਾਸ਼ਟਰੀ ਪੱਧਰ ‘ਤੇ ਲਿਜਾਣ ਦੀ ਤਿਆਰੀ ਵਿੱਢ ਲਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਕਾਂਗਰਸ ਸ਼ਾਸਤ ਸੂਬਿਆਂ ‘ਚ ਇਨ੍ਹਾਂ ਬਿੱਲਾਂ ਨੂੰ ਪਾਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੈਰ ਬੀਜੇਪੀ ਸ਼ਾਸਤ ਸੂਬਿਆਂ ‘ਚ ਵੀ ਇਹ ਬਿੱਲ ਪਾਸ ਕਰਾਉਣ ਲਈ ਕਾਂਗਰਸ ਦਬਾਅ ਬਣਾਵੇਗੀ।
ਰਾਵਤ ਨੇ ਕਿਹਾ ਪੰਜਾਬ ‘ਚ ਜਿੰਨਾ ਦਬਾਅ ਬਣਾਇਆ ਜਾ ਸਕਦਾ ਸੀ, ਬਣਾ ਲਿਆ ਹੁਣ ਅੰਦੋਲਨ ਦਾ ਅਗਲਾ ਪੜਾਅ ਦਿੱਲੀ ਹੋਵੇਗਾ। ਉਨ੍ਹਾਂ ਕਿਹਾ ਅਜੇ ਤਕ ਸਿਰਫ ਪੰਜਾਬ ਤੇ ਹਰਿਆਣਾ ‘ਚ ਸਮਰਥਨ ਮੁੱਲ ਮਿਲ ਰਿਹਾ ਸੀ। ਜਦਕਿ ਬਾਕੀ ਰਾਜਾਂ ‘ਚ ਵੀ ਝੋਨੇ ‘ਤੇ ਐਮਐਸਪੀ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਸੀ। ਹੁਣ ਸੂਬਾ ਸਰਕਾਰਾਂ ‘ਤੇ ਵੀ ਕਿਸਾਨਾਂ ਨੂੰ ਐਮਐਸਪੀ ਦਵਾਉਣ ਦਾ ਦਬਾਅ ਰਹੇਗਾ।
ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਪੰਜਾਬ ਦੇ ਖੇਤੀ ਬਿੱਲਾਂ ‘ਤੇ ਸਮੀਖਿਆ ਕਰਨ ਦੀ ਗੱਲ ‘ਤੇ ਖੁਸ਼ੀ ਜ਼ਾਹਰ ਕਰਦਿਆਂ ਰਾਵਤ ਨੇ ਕਿਹਾ ਇਹ ਚੰਗਾ ਸੰਕੇਤ ਹੈ। ਜੇਕਰ ਕੋਈ ਸੂਬਾ ਸਰਕਾਰ ਆਪਣੇ ਹਿੱਤਾਂ ਦੀ ਰੱਖਿਆ ਕਰਨ ਲਈ ਕਾਨੂੰਨਾਂ ‘ਚ ਸੋਧ ਕਰਦੀ ਹੈ ਤਾਂ ਉਸ ਦਾ ਸੁਆਗਤ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਦੀ ਨਜ਼ਰ ‘ਚ ਕੇਂਦਰੀ ਕਾਨੂੰਨ ਚੰਗੇ ਹੋ ਸਕਦੇ ਹਨ ਪਰ ਜਨਤਾ ਦੀ ਰਾਏ ਦੀ ਵੀ ਅਹਿਮੀਅਤ ਹੋਣੀ ਚਾਹੀਦੀ ਹੈ। ਪਹਿਲਾਂ ਕੇਂਦਰ ਸਰਕਾਰ ਨੇ ਜੀਐਸਟੀ ਲਾ ਕੇ ਸੂਬਿਆਂ ਤੋਂ ਆਪਣਾ ਟੈਕਸ ਲਾਉਣ ਦਾ ਅਧਿਕਾਰ ਖੋਹ ਲਿਆ। ਹੁਣ ਖੇਤੀਬਾੜੀ ਬਰਬਾਦ ਕਰ ਰਹੇ ਹਨ ਜਦਕਿ ਇਹ ਸੂਬਿਆਂ ਦਾ ਅਧਿਕਾਰ ਖੇਤਰ ਹੈ।