ਚੰਡੀਗੜ੍ਹ 01ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ) ਪੰਜਾਬ ਸਰਕਾਰ ਨੇ ਰਾਜ ਵਿੱਚ ਲਗਾਈਆਂ ਕੋਰੋਨਾ ਪਾਬੰਦੀਆਂ ਨੂੰ 10 ਅਗਸਤ ਤੱਕ ਵਧਾ ਦਿੱਤਾ ਹੈ। ਇਸ ਦੇ ਨਾਲ ਹੀ, ਭਲਕੇ ਸੋਮਵਾਰ, 2 ਅਗਸਤ ਤੋਂ ਰਾਜ ਵਿੱਚ ਸਾਰੀਆਂ ਕਲਾਸਾਂ ਲਈ ਸਕੂਲ ਖੋਲ੍ਹਣ ਦੀ ਇਜਾਜ਼ਤ ਵੀ ਦੇ ਦਿੱਤੀ ਗਈ ਹੈ। ਵਧੀਕ ਮੁੱਖ ਸਕੱਤਰ (ਗ੍ਰਹਿ), ਪੰਜਾਬ ਦੁਆਰਾ ਜਾਰੀ ਹੁਕਮਾਂ ਅਨੁਸਾਰ, ਸਕੂਲਾਂ ਦੀਆਂ ਪ੍ਰਬੰਧਕੀ ਕਮੇਟੀਆਂ ਨੂੰ ਆਪਣੇ-ਆਪਣੇ ਅਦਾਰਿਆਂ ਵਿੱਚ ਕੋਰੋਨਾ ਦਿਸ਼ਾ ਨਿਰਦੇਸ਼ਾਂ ਤੇ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨੀ ਪਏਗੀ। ਟੀਚਿੰਗ ਸਟਾਫ ਦਾ ਟੀਕਾਕਰਣ ਵੀ ਲਾਜ਼ਮੀ ਹੋਵੇਗਾ।
ਪੰਜਾਬ ਦੇ ਸਕੂਲਾਂ ਵਿੱਚ ਸਿਰਫ ਉਹੀ ਅਧਿਆਪਕ ਕਲਾਸਾਂ ਨੂੰ ਪੜ੍ਹਾ ਸਕਣਗੇ ਜਿਨ੍ਹਾਂ ਦਾ ਟੀਕਾਕਰਨ ਹੋ ਚੁੱਕਾ ਹੈ। ਵਿਦਿਆਰਥੀਆਂ ਨੂੰ ਸਕੂਲ ਜਾਣ ਲਈ ਮਾਪਿਆਂ ਦੀ ਆਗਿਆ ਜ਼ਰੂਰੀ ਹੋਵੇਗੀ। ਇਸ ਤੋਂ ਇਲਾਵਾ, ਸਕੂਲਾਂ ਵਿੱਚ ਔਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ। ਇਸ ਤੋਂ ਪਹਿਲਾਂ, 27 ਜੁਲਾਈ ਤੋਂ ਰਾਜ ਵਿੱਚ 10ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲ ਖੋਲ੍ਹੇ ਗਏ ਸਨ।
ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਸਰਕਾਰ ਨੇ ਮਾਰਚ ਵਿੱਚ ਰਾਜ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਸਨ। ਜੂਨ ਦੇ ਤੀਜੇ ਹਫ਼ਤੇ ਤੋਂ, ਰਾਜ ਵਿੱਚ ਕੋਰੋਨਾ ਦੇ ਕੇਸ ਘਟਣੇ ਸ਼ੁਰੂ ਹੋ ਗਏ ਅਤੇ ਜੁਲਾਈ ਦੇ ਲੰਘਣ ਨਾਲ ਇਹ ਹੋਰ ਵੀ ਘਟ ਗਏ। ਹੁਣ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ, ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ ਇੱਕ ਅੰਕ ਵਿੱਚ ਚਲੀ ਗਈ ਹੈ। ਇਸ ਕਾਰਨ ਕੈਪਟਨ ਸਰਕਾਰ ਨੇ ਬੱਚਿਆਂ ਨੂੰ ਸਕੂਲਾਂ ਵਿੱਚ ਬੁਲਾਉਣ ਦੀ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ।
ਸਨਿੱਚਰਵਾਰ ਨੂੰ ਜਾਰੀ ਕੀਤੇ ਗਏ ਪੰਜਾਬ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਦੇ ਹੁਕਮ ਅਨੁਸਾਰ, ਸਕੂਲ ਪ੍ਰਬੰਧਕਾਂ ਵੱਲੋਂ ਕੋਰੋਨਾ ਪ੍ਰੋਟੋਕੋਲ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਵੇਗਾ। ਕਲਾਸਰੂਮਾਂ ਵਿੱਚ ਬੈਠਦਿਆਂ ਸਮਾਜਿਕ ਦੂਰੀਆਂ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ। ਸਕੂਲ ਕੈਂਪਸ ਵਿੱਚ ਬੱਚਿਆਂ ਲਈ ਸੈਨੀਟਾਈਜ਼ਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਸਕੂਲ ਪ੍ਰਬੰਧਕ ਕਮੇਟੀਆਂ ਇਹ ਵੀ ਯਕੀਨੀ ਬਣਾਉਣਗੀਆਂ ਕਿ ਬੱਚੇ ਸਕੂਲ ਦੇ ਕੈਂਪਸ ਵਿੱਚ ਮਾਸਕ ਪਹਿਨਣ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਰੋਨਾ ਦੀ ਦੂਜੀ ਲਹਿਰ ਮੱਠੀ ਪੈਣ ਮਗਰੋਂ ਸਕੂਲਾਂ ਨੂੰ 2 ਅਗਸਤ ਤੋਂ ਸਾਰੀਆਂ ਕਲਾਸਾਂ ਲਈ ਖੋਲ੍ਹਣ ਲਈ ਇਜਾਜ਼ਤ ਦੇ ਦਿੱਤੀ ਹੈ। ਕਰੋਨਾ ਕੇਸਾਂ ਦੀ ਗਿਣਤੀ ਘਟਣ ਕਰਕੇ ਸੂਬਾ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ ਤੇ ਨਾਲ ਹੀ ਸਕੂਲਾਂ ਵਿੱਚ ਕਰੋਨਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਦੀ ਹਦਾਇਤ ਵੀ ਕੀਤੀ ਹੈ।
ਵਧੀਕ ਗ੍ਰਹਿ ਸਕੱਤਰ ਨੇ ਸੂਬੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਾਰੀਆਂ ਕਲਾਸਾਂ ਲਈ ਸਕੂਲਾਂ ਨੂੰ ਖੋਲ੍ਹਿਆ ਜਾ ਰਿਹਾ ਹੈ ਪਰ ਕਰੋਨਾ ਨਿਯਮਾਂ ਦੀ ਪਾਲਣਾ ਸਖ਼ਤੀ ਨਾਲ ਕੀਤੀ ਜਾਵੇ। ਇਸ ਦੌਰਾਨ ਸਕੂਲ ਸਟਾਫ਼ ਦੇ ਕਰੋਨਾ ਵੈਕਸੀਨ ਲੱਗੀ ਹੋਣੀ ਜ਼ਰੂਰੀ ਹੈ ਜਦਕਿ ਸਕੂਲਾਂ ਵਿੱਚ ਆਨਲਾਈਨ ਸਿੱਖਿਆ ਵੀ ਪਹਿਲਾਂ ਵਾਂਗ ਜਾਰੀ ਰਹੇਗੀ। 10ਵੀਂ ਤੋਂ 12ਵੀਂ ਕਲਾਸ ਲਈ ਸਕੂਲ ਪਹਿਲਾਂ ਹੀ 27 ਜੁਲਾਈ ਨੂੰ ਖੋਲ੍ਹੇ ਜਾ ਚੁੱਕੇ ਹਨ।