ਚੰਡੀਗੜ੍ਹ 23,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ, ਪੰਜਾਬ ‘ਚ ਦਾਅਵਾ ਕੀਤਾ ਕਿ ਜੇਕਰ ਉਹ MLAs ਨੂੰ ਲੈਣਾ ਸ਼ੁਰੂ ਕਰ ਦਿੰਦੇ ਹਨ ਤਾਂ ਅੱਜ ਸ਼ਾਮ ਤਕ 25 ਕਾਂਗਰਸੀ ਵਿਧਾਇਕ ਉਨ੍ਹਾਂ ਦੀ ਪਾਰਟੀ ‘ਚ ਸ਼ਾਮਲ ਹੋ ਜਾਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਦਾ ਕੂੜਾ ਨਹੀਂ ਚੁੱਕਣਾ ਚਾਹੁੰਦੇ।
ਅੰਮ੍ਰਿਤਸਰ ‘ਚ ਪ੍ਰੈੱਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰ ਪਾਰਟੀ ‘ਚ ਅਜਿਹਾ ਹੁੰਦਾ ਹੈ ਕਿ ਜਿਸ ਨੂੰ ਟਿਕਟ ਨਹੀਂ ਮਿਲਦੀ, ਉਹ ਨਾਰਾਜ਼ ਹੋ ਜਾਂਦਾ ਹੈ। ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੁਝ ਲੋਕ ਸਹਿਮਤ ਹੁੰਦੇ ਹਨ ਤੇ ਕੁਝ ਲੋਕ ਨਾਰਾਜ਼ ਹੋ ਕੇ ਦੂਜੀ ਪਾਰਟੀ ‘ਚ ਸ਼ਾਮਲ ਹੋ ਜਾਂਦੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਬਹੁਤ ਸਾਰੇ ਲੋਕ ਵੀ ਸਾਡੇ ਸੰਪਰਕ ‘ਚ ਹਨ ਪਰ ਅਸੀਂ ਉਨ੍ਹਾਂ ਦਾ ਕੂੜਾ ਨਹੀਂ ਚੁੱਕਣਾ ਚਾਹੁੰਦੇ।
ਉਨ੍ਹਾਂ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਦਾ ਕੂੜਾ ਚੁੱਕਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਅੱਜ ਸ਼ਾਮ ਤਕ ਮੈਂ ਚੁਣੌਤੀ ਦਿੰਦਾ ਹਾਂ ਕਿ ਕਾਂਗਰਸ ਦੇ 25 ਵਿਧਾਇਕ ਸਾਡੀ ਪਾਰਟੀ ‘ਚ ਸ਼ਾਮਲ ਹੋ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਸਾਡੇ ‘ਚੋਂ ਸਿਰਫ਼ ਦੋ ਹੀ ਗਏ ਹਨ, ਮੈਂ 25 ਵਿਧਾਇਕਾਂ ਨੂੰ ਚੁਣੌਤੀ ਦੇ ਰਿਹਾ ਹਾਂ ਅਤੇ 2-3 ਸੰਸਦ ਮੈਂਬਰ ਸਾਡੇ ਸੰਪਰਕ ‘ਚ ਹਨ। ਉਹ ਸਾਡੀ ਪਾਰਟੀ ‘ਚ ਆਉਣਾ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਅਰਵਿੰਦਰ ਕੇਜਰੀਵਾਲ ਨੇ ਪੰਜਾਬ ਚੋਣਾਂ ਦੇ ਮੱਦੇਨਜ਼ਰ ਅਧਿਆਪਕਾਂ ਲਈ ਵੱਡੇ ਐਲਾਨ ਕੀਤੇ ਉਨ੍ਹਾਂ ਨੇ ਸੂਬੇ ਦੇ ਅਧਿਆਪਕਾਂ ਨੂੰ ਸਮੇਂ ‘ਤੇ ਪ੍ਰਮੋਸ਼ਨ ਤੇ ਕੈਸ਼ਲੈੱਸ ਮੈਡੀਕਲ ਸਹੂਲਤ ਸਣੇ ਅੱਠ ਵਾਅਦੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਇਥੇ ਅਧਿਆਪਕਾਂ ਦੀ ਹਾਲਤ ਬੇਹੱਦ ਖਰਾਬ ਹੈ ਉਨ੍ਹਾਂ ਨੇ ਕਿਹਾ ਕਿ ਤੁਸੀਂ ਸਰਕਾਰ ਆਉਣ ‘ਤੇ ਸਾਰੇ ਅਧਿਆਪਕਾਂ ਨੂੰ ਕਨਫਰਮ ਕੀਤਾ ਜਾਵੇਗਾ।