ਨਵਾਂਸ਼ਹਿਰ 30,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਵਿੱਚ ਹੁਣ ਓਮੀਕ੍ਰੋਨ ਦੀ ਐਂਟਰੀ ਹੋ ਗਈ ਹੈ। ਨਵਾਂਸ਼ਹਿਰ ਦੇ ਮੁਕੰਦਪੁਰ ਬਲਾਕ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਪਹਿਲਾ ਮਰੀਜ਼ ਮਿਲਿਆ ਹੈ। ਕੋਰੋਨਾ ਦੇ ਨਵੇਂ ਵੇਰੀਐਂਟ ਤੋਂ ਪੀੜਤ ਮਰੀਜ਼ ਸਪੇਨ ਤੋਂ ਪਰਤਿਆ ਹੈ। 4 ਦਸੰਬਰ ਨੂੰ ਸਪੇਨ ਤੋਂ ਪਰਤੇ ਇਸ ਨੌਜਵਾਨ ਦਾ ਜਦੋਂ ਤੈਅ ਪ੍ਰੋਟੋਕੋਲ ਅਨੁਸਾਰ ਅੱਠ ਦਿਨਾਂ ਬਾਅਦ ਟੈਸਟ ਕੀਤਾ ਗਿਆ ਤਾਂ ਉਹ ਪੌਜੇਟਿਵ ਪਾਇਆ ਗਿਆ।
ਇਸ ਦੇ ਅਗਲੇ ਦਿਨ ਉਸ ਦੇ ਪਰਿਵਾਰ ਦੇ 2 ਹੋਰ ਮੈਂਬਰ ਵੀ ਸੰਕਰਮਿਤ ਪਾਏ ਗਏ। ਵਿਦੇਸ਼ ਤੋਂ ਵਾਪਸ ਆਉਣ ਕਾਰਨ ਨੌਜਵਾਨ ਦੇ ਨਮੂਨੇ ਦੀ ਪੂਰੀ ਜੀਨੋਮ ਸੀਕਵੈਂਸਿੰਗ ਕੀਤੀ ਗਈ, ਜਿਸ ਦੀ ਰਿਪੋਰਟ ‘ਚ ਓਮੀਕ੍ਰੋਨ ਵੇਰੀਐਂਟ ਪਾਇਆ ਗਿਆ। ਰਾਹਤ ਦੀ ਗੱਲ ਇਹ ਹੈ ਕਿ ਨੌਜਵਾਨ ਦੇ ਸਾਰੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ ਸਾਰਿਆਂ ਨੂੰ ਹਸਪਤਾਲ ਤੋਂ ਛੁੱਟੀ ਵੀ ਦੇ ਦਿੱਤੀ ਗਈ ਹੈ।
ਦੱਸ਼ ਦਈਏ ਕਿ ਪੰਜਾਬ ‘ਚ ਕੋਰੋਨਾ ਨਾਲ ਪਹਿਲੀ ਮੌਤ ਮਾਰਚ 2020 ‘ਚ ਨਵਾਂਸ਼ਹਿਰ ਦੇ ਪਿੰਡ ਪਠਲਾਵਾ ‘ਚ ਵਿਦੇਸ਼ ਤੋਂ ਆਏ ਬਜ਼ੁਰਗ ਵਿਅਕਤੀ ਦੀ ਹੀ ਹੋਈ ਸੀ। ਉਸ ਤੋਂ ਬਾਅਦ ਹੁਸ਼ਿਆਰਪੁਰ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਸਿਰਫ਼ ਨਵਾਂਸ਼ਹਿਰ ਦੇ ਲੋਕਾਂ ਦੇ ਸੰਪਰਕ ਵਿੱਚ ਆਏ ਲੋਕਾਂ ਵਿੱਚੋਂ ਹੀ ਕੋਰੋਨਾ ਦੇ ਕੇਸ ਪਾਏ ਗਏ ਸਨ।
ਇਸ ਦੇ ਨਾਲ ਹੀ ਵਧਦੇ ਸੰਕਰਮਣ ਤੇ ਓਮੀਕਰੋਨ ਦੇ ਖਤਰੇ ਦੇ ਬਾਵਜੂਦ ਜ਼ਿੰਮੇਵਾਰ ਵਿਭਾਗ ਟੈਸਟਾਂ ਦੀ ਗਿਣਤੀ ਨਹੀਂ ਵਧਾ ਰਿਹਾ ਹੈ ਜਦਕਿ ਸਿਹਤ ਮੰਤਰੀ ਓਪੀ ਸੋਨੀ ਨੇ ਰੋਜ਼ਾਨਾ 40 ਹਜ਼ਾਰ ਟੈਸਟ ਕਰਵਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਬਾਅਦ ਵੀ ਸਿਹਤ ਵਿਭਾਗ ਨੇ ਟੈਸਟਾਂ ਦੀ ਗਿਣਤੀ ਵਧਾਉਣ ਦੀ ਬਜਾਏ 10 ਹਜ਼ਾਰ ਤੱਕ ਘਟਾ ਦਿੱਤੀ ਹੈ। ਚੋਣ ਸੂਬਾ ਹੋਣ ਦੇ ਨਾਤੇ ਕੇਂਦਰ ਨੇ ਸੂਬੇ ‘ਚ ਵਧ ਰਹੇ ਇਨਫੈਕਸ਼ਨ ‘ਤੇ ਚਿੰਤਾ ਜ਼ਾਹਰ ਕੀਤੀ ਹੈ ਤੇ ਲਗਾਤਾਰ ਸਾਵਧਾਨੀ ਵਰਤਣ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ।
390 ਐਕਟਿਵ ਕੇਸਾਂ ਨੇ ਵਧਾਈ ਚਿੰਤਾ
ਡਿਪਟੀ ਸੀਐਮ ਓਪੀ ਸੋਨੀ ਨੇ ਕਿਹਾ ਹੈ ਕਿ ਟੈਸਟਾਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਅਣਗਹਿਲੀ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਨਫੈਕਸ਼ਨ ਦੀ ਦਰ ਵਧਣ ਦੇ ਨਾਲ-ਨਾਲ ਵਧਦੇ ਐਕਟਿਵ ਕੇਸਾਂ ਨੇ ਵੀ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇੱਕ ਮਹੀਨੇ ਦੌਰਾਨ ਸੂਬੇ ਵਿੱਚ ਐਕਟਿਵ ਕੇਸ 200 ਤੋਂ ਵੱਧ ਕੇ 390 ਹੋ ਗਏ ਹਨ। ਮਾਹਿਰਾਂ ਅਨੁਸਾਰ ਸਰਗਰਮ ਮਾਮਲਿਆਂ ਦੀ ਵਧਦੀ ਗਿਣਤੀ ਕਿਸੇ ਵੀ ਸੂਬੇ ਲਈ ਚਿੰਤਾ ਦਾ ਵਿਸ਼ਾ ਹੈ।