ਚੰਡੀਗੜ, 14 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ):ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਸਰਕਾਰ ਦੇ ਬਾਕੀ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ ਇਕ ਲੱਖ ਸਰਕਾਰੀ ਨੌਕਰੀਆਂ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਸਰਕਾਰੀ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਏਜੰਸੀਆਂ ਵਿਚਲੀਆਂ ਖਾਲੀ ਅਸਾਮੀਆਂ ਨੂੰ ਪੜਾਅਵਾਰ ਅਤੇ ਸਮਾਂਬੱਧ ਢੰਗ ਨਾਲ ਭਰਨ ਲਈ ਸੂਬਾ ਰੋਜਗਾਰ ਯੋਜਨਾ 2020-22 ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਮੰਤਰੀ ਮੰਡਲ ਵਲੋਂ ਪਹਿਲਾਂ ਲਏ ਫੈਸਲੇ ਮੁਤਾਬਕ ਇਹ ਭਰਤੀ ਕੇਂਦਰ ਸਰਕਾਰ ਦੇ ਤਨਖਾਹ ਸਕੇਲ ਅਨੁਸਾਰ ਕੀਤੀ ਜਾਵੇਗੀ।ਸਾਲ 2020-21 ਦੌਰਾਨ ਸਰਕਾਰੀ ਅਹੁਦਿਆਂ ’ਤੇ ਚੁਣੇ ਗਏ ਉਮੀਦਵਾਰਾਂ ਦੀ ਰਸਮੀ ਤੌਰ ’ਤੇ ਜੁਆਇਨਿੰਗ ਲਈ ਸੁਤੰਤਰਤਾ ਦਿਵਸ, 2021 ਮੌਕੇ ਇਕ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਕਰਨਗੇ।ਮੰਤਰੀ ਮੰਡਲ ਵਲੋਂ ਮਨਜ਼ੂਰ ਕੀਤੀ ਯੋਜਨਾ ਅਨੁਸਾਰ, ਸਾਰੇ ਵਿਭਾਗ ਭਰਤੀ ਦੀ ਅਗਲੇਰੀ ਪ੍ਰਕਿਰਿਆ ਲਈ 31 ਅਕਤੂਬਰ, 2020 ਤੱਕ ਆਪਣੇ ਵਿਭਾਗ ਵਿਚਲੀਆਂ ਖਾਲੀ ਅਸਾਮੀਆਂ ਸਬੰਧੀ ਇਸ਼ਤਿਹਾਰ ਦੇ ਸਕਦੇ ਹਨ। ਪ੍ਰਬੰਧਕੀ ਵਿਭਾਗ ਨਿਰਧਾਰਤ ਸਮੇਂ ਅਨੁਸਾਰ ਪਾਰਦਰਸ਼ੀ ਅਤੇ ਨਿਰਪੱਖ ਭਰਤੀ ਨੂੰ ਯਕੀਨੀ ਬਣਾਉਣ ਲਈ ਪੂਰੀ ਤਰਾਂ ਜਵਾਬਦੇਹ ਹੋਣਗੇ।ਸਰਕਾਰੀ ਬੁਲਾਰੇ ਅਨੁਸਾਰ ਮੰਤਰੀ ਮੰਡਲ ਵਲੋਂ ਪ੍ਰਸੋਨਲ ਅਤੇ ਵਿੱਤ ਵਿਭਾਗਾਂ ਦੀ ਸਲਾਹ ਉਪਰੰਤ ਮੁੱਖ ਮੰਤਰੀ ਨੂੰ ਸਥਿਤੀ ਮੁਤਾਬਕ ਵੱਖ-ਵੱਖ ਮੁੱਦਿਆਂ/ਪ੍ਰਸਤਾਵਾਂ ਸੰਬੰਧੀ ਅਜਿਹੀਆਂ ਸੋਧਾਂ/ਵਾਧੇ/ਹਟਾਉਣ ਦਾ ਅਧਿਕਾਰ ਦਿੱਤਾ ਗਿਆ ਹੈ।ਮੁੱਖ ਮੰਤਰੀ ਨੇ ਮਾਰਚ ਵਿੱਚ ਕੀਤੇ ਆਪਣੇ ਐਲਾਨ ਵਿੱਚ ਕਿਹਾ ਸੀ ਕਿ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਘਰ-ਘਰ ਰੋਜ਼ਗਾਰ’ ਦੇ ਹਿੱਸੇ ਵਜੋਂ ਵਿੱਤੀ ਵਰੇ 2020-21 ਵਿੱਚ ਕੋਟੇ ਮੁਤਾਬਕ ਸਿੱਧੀਆਂ 50,000 ਖਾਲੀ ਸਰਕਾਰੀ ਅਸਾਮੀਆਂ ਅਤੇ ਵਿੱਤੀ 2021-22 ਵਿੱਚ ਹੋਰ 50,000 ਅਸਾਮੀਆਂ ਭਰੀਆਂ ਜਾਣਗੀਆਂ।ਯੋਜਨਾ ਸਬੰਧੀ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਨੇ ਸਾਰੇ ਪ੍ਰਸ਼ਾਸਕੀ ਵਿਭਾਗਾਂ ਤੋਂ ਸਿੱਧੀ ਭਰਤੀ ਲਈ ਯੋਗ ਖਾਲੀ ਅਸਾਮੀਆਂ ਸ਼੍ਰੇਣੀ-ਅਧਾਰਤ ਇਕੱਤਰ ਕੀਤੀਆਂ ਹਨ। ਇਨਾਂ ਵਿੱਚ ਗਰੁੱਪ ਏ (3959), ਸਮੂਹ ਬੀ (8717) ਅਤੇ ਸਮੂਹ ਸੀ (36313) ਅਸਾਮੀਆਂ ਸ਼ਾਮਲ ਹਨ, ਜਿਸ ਨਾਲ ਅਸਾਮੀਆਂ ਦੀ ਕੁੱਲ ਗਿਣਤੀ 48,989 ਬਣਦੀ ਹੈ।ਮੰਤਰੀ ਮੰਡਲ ਵਿਚ ਫੈਸਲਾ ਲਿਆ ਗਿਆ ਹੈ ਕਿ ਗਰੁੱਪ-ਸੀ ਦੀਆਂ ਅਸਾਮੀਆਂ ’ਤੇ ਭਰਤੀ ਲਈ ਇੰਟਰਵਿਊ ਦੀ ਲੋੜ ਨਹੀਂ ਪਵੇਗੀ। ਹਾਲਾਂਕਿ, ਟੈਸਟ ਦੇ ਅਧਾਰ ’ਤੇ ਚੁਣੇ ਗਏ ਉਮੀਦਵਾਰ ਫਿਜੀਕਲ ਅਤੇ ਆਪਣੇ ਦਸਤਾਵੇਜ਼ਾਂ ਦੀ ਤਸਦੀਕ ਲਈ ਸਬੰਧਤ ਵਿਭਾਗ ਵਲੋਂ ਕਰਵਾਈ ਜਾਣ ਵਾਲੀ ਕਾਉਂਸਲਿੰਗ ਵਿਚ ਹਾਜ਼ਰ ਹੋਣਗੇ।ਸਾਰੇ ਵਿਭਾਗਾਂ/ਬੋਰਡਾਂ/ਕਾਰਪੋਰੇਸ਼ਨਾਂ/ਅਥਾਰਟੀਆਂ ਆਦਿ ਵਿਚ ਜੂਨੀਅਰ ਇੰਜੀਨੀਅਰ (ਜੇ.ਈ.) ਅਤੇ ਇਸ ਤੋਂ ਉਪਰਲੇ ਪੱਧਰ ਦੀਆਂ ਸਾਰੀਆਂ ਇੰਜੀਨੀਅਰਿੰਗ ਅਸਾਮੀਆਂ ਇਕ ਸਾਂਝੇ ਇਮਤਿਹਾਨ ਰਾਹੀਂ ਪੰਜਾਬ ਲੋਕ ਸੇਵਾ ਕਮਿਸਨ (ਪੀ.ਪੀ.ਐਸ.ਸੀ.) ਵੱਲੋਂ ਭਰੀਆਂ ਜਾਣਗੀਆਂ। ਵਿਭਾਗਾਂ ਵਲੋਂ ਭਰਤੀ ਪ੍ਰਕਿਰਿਆਂ ਨੂੰ ਪੂਰਾ ਕਰਨ ਵਾਲੀ ਏਜੰਸੀ ਸਬੰਧੀ ਅੰਤਿਮ ਫੈਸਲਾ ਨਾ ਲੈਣ ਦੀ ਸੂਰਤ ਵਿਚ ਉਹ ਭਰਤੀ ਪ੍ਰਕਿਰਿਆ ਨੂੰ ਨੇਪਰੇ ਚਾੜਨ ਲਈ ਯੋਗ ਪੱਧਰ ’ਤੇ ਇਸ ਸਬੰਧੀ ਕਾਰਵਾਈ ਕਰਨਗੇ। ਹਾਲਾਂਕਿ, ਜੇਕਰ ਕੁਝ ਅਸਾਮੀਆਂ ਨੂੰ ਕਰਮਚਾਰੀ ਚੋਣ ਬੋਰਡ ਜਾਂ ਪੀ.ਪੀ.ਐਸ.ਸੀ. ਦੇ ਦਾਇਰੇ ਤੋਂ ਬਾਹਰ ਰੱਖਿਆ ਜਾਣਾ ਹੈ ਤਾਂ ਇਹ ਸਿਰਫ ਵਿਸ਼ੇਸ਼ ਪ੍ਰਸਥਿਤੀਆਂ ਵਿੱਚ ਪ੍ਰਮਾਣਿਤ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਹੀ ਕੀਤਾ ਜਾਵੇਗਾ।ਗਰੁੱਪ-ਏ ਅਤੇ ਸਮੂਹ-ਬੀ ਦੀਆਂ ਸਿੱਧੀਆਂ ਕੋਟੇ ਵਾਲੀਆਂ ਖਾਲੀ ਅਸਾਮੀਆਂ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ ਭਰਨ ਸਬੰਧੀ ਬੁਲਾਰੇ ਨੇ ਦੱਸਿਆ ਕਿ ਵਿਭਾਗਾਂ ਨੂੰ ਗਰੁੱਪ-ਏ ਅਤੇ ਗਰੁੱਪ-ਬੀ ਦੀਆਂ ਭਰਨਯੋਗ ਖਾਲੀ ਅਸਾਮੀਆਂ ਨੂੰ ਭਰਤੀ ਲਈ 31 ਅਕਤੂਬਰ, 2020 ਤੱਕ ਪੀ.ਪੀ.ਐਸ.ਸੀ. ਕੋਲ ਭੇਜਣ ਲਈ ਕਿਹਾ ਗਿਆ ਹੈ ਅਤੇ ਇਨਾਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ 30 ਜੂਨ, 2021 ਤੱਕ ਮੁਕੰਮਲ ਕੀਤੀ ਜਾਵੇਗੀ। ਪ੍ਰਸੋਨਲ ਵਿਭਾਗ ਨੂੰ ਇਸ ਸਬੰਧੀ ਲਾਗੂ ਕਰਨ ਅਤੇ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਦੌਰਾਨ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵਲੋਂ ਵਿੱਤੀ ਵਰੇ 2021-22 ਲਈ ਸਿੱਧੀਆਂ ਕੋਟੇ ਵਾਲੀਆਂ ਅਸਾਮੀਆਂ ਸਾਰੇ ਵਿਭਾਗਾਂ ਤੋਂ ਵਰਗਾਂ ਅਨੁਸਾਰ 30 ਜੂਨ, 2021 ਤੱਕ ਇਕੱਤਰ ਕੀਤੀਆਂ ਜਾਣਗੀਆਂ। ਬੁਲਾਰੇ ਨੇ ਅੱਗੇ ਕਿਹਾ ਕਿ ਸਾਰੇ ਸਬੰਧਤ ਵਿਭਾਗ, ਜਿਨਾਂ ਵਿਚ ਵਿੱਤੀ ਸਾਲ 2021-22 ਲਈ ਅਸਾਮੀਆਂ ਭਰੀਆਂ ਜਾਣੀਆਂ ਹਨ, 31 ਅਕਤੂਬਰ, 2021 ਤੱਕ ਭਰਤੀ ਸੰਬੰਧੀ ਇਸ਼ਤਿਹਾਰ ਦੇਣ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨਗੇ ਅਤੇ ਇਸ ਸਬੰਧੀ ਇਕ ਪ੍ਰਮਾਣ ਪੱਤਰ 31 ਅਕਤੂਬਰ 2021 ਨੂੰ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਨੂੰ ਸੌਂਪਣਗੇ।———