
ਚੰਡੀਗੜ੍ਹ/ਕਪੂਰਥਲਾ 10 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ‘ਚ ਚੋਣਾਂ ਦੇ ਮਾਹੌਲ ਦੌਰਾਨ ਹਾਈਪ੍ਰੋਫਾਇਲ ਅੰਤਰਰਾਸ਼ਟਰੀ ਡਰੱਗਜ਼ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ।ਪਹਿਲੀ ਵਾਰ ਹੈ ਜਦੋਂ ਪੁਲਿਸ ਅਤੇ ਨਸ਼ਾ ਤਸਕਰਾਂ ਦੇ ਗੱਠਜੋੜ ਦਾ ਪਰਦਾਫਾਸ਼ ਹੋਇਆ ਹੈ।
STF ਨੇ ਬ੍ਰਿਟਿਸ਼ ਨਾਗਰਿਕ ਅਤੇ ਅੰਤਰਰਾਸ਼ਟਰੀ ਖਿਡਾਰੀ ਰਹੇ ਰਣਜੀਤ ਸਿੰਘ ਉਰਫ਼ ਜੀਤਾ ਮੌੜ ਨੂੰ ਗ੍ਰਿਫ਼ਤਾਰ ਕੀਤਾ ਹੈ।ਪੰਜਾਬ ਪੁਲਿਸ ਦੇ ਸੇਵਾ ਮੁਕਤ DSP ਬਿਮਲ ਕਾਂਤ ਅਤੇ ਥਾਣੇਦਾਰ ਮਨੀਸ਼ ਨੂੰ ਵੀ ਇਸ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ।ਜਾਣਕਾਰੀ ਮੁਤਾਬਿਕ ਡਰੱਗ ਡੀਲ ਰਾਹੀਂ ਕਮਾਏ ਗਏ ਕਰੋੜਾਂ ਰੁਪਏ ਰੀਅਲ ਇਸਟੇਟ ਅਤੇ ਜ਼ਮੀਨਾਂ ਨੂੰ ਖਰੀਦਣ ‘ਚ ਇਨਵੈਸਟ ਕੀਤੇ ਗਏ।
ਰਣਜੀਤ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ‘ਚ ਆਲੀਸ਼ਾਨ ਬੰਗਲੇ ‘ਚ ਰਹਿੰਦਾ ਸੀ ਅਤੇ ਪੋਰਸ਼ੇ, ਆਊਡੀ, BMW ਵਰਗੀਆਂ ਮਹਿੰਗੀਆਂ ਗੱਡੀਆਂ ‘ਚ ਪੁਲਿਸ ਸੁਰੱਖਿਆ ‘ਚ ਡਰੱਗਜ਼ ਸਪਲਾਈ ਕਰਦਾ ਸੀ।ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸਦੀ ਸੁਰੱਖਿਆ ਵਿੱਚ ਲਾਏ ਗਏ ਦੋ ਥਾਣੇਦਾਰ ਉਸਦੀ ਡਰੱਗ ਡੀਲ ਅਤੇ ਪੈਸੇ ਦਾ ਹਿਸਾਬ ਰੱਖਦੇ ਸੀ।
ਤਸਕਰ ਰਣਜੀਤ ਜੀਤਾ ਦੇ ਤਾਰ ਪੰਜਾਬ ਦੇ ਕਈ ਵੱਡੇ ਨੇਤਾਵਾਂ ਅਤੇ ਪੁਲਿਸ ਅਫ਼ਸਰਾਂ ਨਾਲ ਵੀ ਜੁੜੇ ਹਨ। STF ਇਸ ਗੱਠਜੋੜ ਦੀ ਪੜਤਾਲ ਕਰ ਰਹੀ ਹੈ ਕਿ ਕਿਹੜੇ ਅਸਰਦਾਰ ਲੋਕਾਂ ਨੂੰ ਡਰੱਗ ਮਨੀ ਦਾ ਹਿੱਸਾ ਗਿਆ ਅਤੇ ਇਸ ਹਾਈਪ੍ਰੋਫਾਇਲ ਤਸਕਰ ਨੇ ਕਿਸ-ਕਿਸ ਨਾਲ ਕਿੱਥੇ ਪੈਸਾ ਨਿਵੇਸ਼ ਕੀਤਾ ਸੀ।
ਰਣਜੀਤ ਜੀਤਾ ਦੇ ਬੰਗਲੇ ‘ਚ ਮਿਲੀ ਆਲੀਸ਼ਾਨ ਗੱਡੀਆਂ STF ਨੇ ਜ਼ਬਤ ਕਰ ਲਈਆਂ ਹਨ।ਰਣਜੀਤ ਦੇ ਘਰ ਤੋਂ ਇੱਕ ਹਥਿਆਰ, 100 ਗ੍ਰਾਮ ਨਸ਼ੀਲਾ ਪਦਾਰਥ ਅਤੇ ਕੁੱਝ ਲੱਖ ਰੁਪਏ ਨਕਦੀ ਵੀ ਬਰਾਮਦ ਕੀਤੀ ਹੈ।
ਪੁਲਿਸ ਮੁਤਾਬਿਕ ਰਣਜੀਤ ਦੇ ਸੰਪਰਕ ‘ਚ ਅਮਰਿਕਾ ਰਹਿਣ ਵਾਲਾ ਗੁਰਜੰਟ ਸਿੰਘ ਅਤੇ ਕੈਨੇਡਾ ਦਾ ਕਬੱਡੀ ਪਲੇਅਰ ਦਵਿੰਦਰ ਸਿੰਘ ਉਰਫ ਜਵਾਹਰ ਵੀ ਹੈ।ਇੱਕ ਰਿਪੋਰਟ ‘ਚ ED ਨੇ ਵੀ ਜ਼ਿਕਰ ਕੀਤਾ ਸੀ ਕਿ ਰਣਜੀਤ ਸਿੰਘ ਜੀਤਾ ਮੌੜ ਦੇ ਖਾਤੇ ‘ਚ 27 ਕਰੋੜ ਰੁਪਏ ਦੀ ਐਂਟਰੀਜ਼ ਹੋਈਆਂ ਹਨ।
