
ਚੰਡੀਗੜ੍ਹ, 30 ਅਕਤੂਬਰ (ਸਾਰਾ ਯਹਾ / ਮੁੱਖ ਸੰਪਾਦਕ) :ਪੰਜਾਬ ਸਰਕਾਰ ਆਪਣੇ ਪ੍ਰਮੁੱਖ ਪ੍ਰੋਗਰਾਮ ਘਰ-ਘਰ ਰੋਜ਼ਗਾਰ ਤਹਿਤ ਪੰਜਾਬ ਜੌਬ ਹੈਲਪਲਾਈਨ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਪ੍ਰੋਗਰਾਮ ਤਹਿਤ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਸਬੰਧੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਇੱਕ ਕਾਲ ਸੈਂਟਰ ਸਥਾਪਤ ਕੀਤਾ ਜਾਵੇਗਾ। ਕਾਲ ਸੈਂਟਰ ਦੇ ਵਿਅਕਤੀ ਕਾਲ ਕਰਨ ਵਾਲੇ ਵਿਅਕਤੀ ਦੀ ਸੁਵਿਧਾ ਅਨੁਸਾਰ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਸਵਾਲਾਂ/ਕਾਲਾਂ ਦਾ ਜਵਾਬ ਦੇਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਉੱਤਪਤੀ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ 25 ਸੀਟਾਂ ਵਾਲਾ ਕਾਲ ਸੈਂਟਰ ਸਥਾਪਤ ਕੀਤਾ ਜਾਵੇਗਾ ਜੋ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਾਰੇ ਕੰਮ ਵਾਲੇ ਦਿਨਾਂ ਵਿੱਚ ਸੇਵਾਵਾਂ ਪ੍ਰਦਾਨ ਕਰਨਗੇ।ਮੰਤਰੀ ਨੇ ਕਿਹਾ ਕਿ ਨੌਕਰੀ ਦੀ ਭਾਲ ਕਰਨ ਵਾਲਿਆਂ ਨੂੰ pgrkam.com ‘ਤੇ ਰਜਿਸਟਰ ਕਰਨ ਅਤੇ ਪ੍ਰੋਫਾਈਲ ਅਪਡੇਟ ਕਰਨ ਵਿੱਚ ਸਹਾਇਤਾ ਕੀਤੀ ਜਾਵੇਗੀ, ਜਿਸ ਨਾਲ ਉਹ ਦੇਸ਼ ਭਰ ਵਿੱਚ ਉਪਲਬਧ ਅਸਾਮੀਆਂ ਤੱਕ ਪਹੁੰਚ ਬਣਾ ਸਕਣਗੇ। ਉਨ੍ਹਾਂ ਦੇ ਰੁਜ਼ਗਾਰ ਸੰਬੰਧੀ ਸਵਾਲਾਂ ਜਿਵੇਂ ਹੁਨਰ ਵਿਕਾਸ ਲਈ ਉਪਲਬਧ ਸਰਕਾਰੀ ਯੋਜਨਾਵਾਂ, ਸਵੈ ਰੁਜ਼ਗਾਰ ਲਈ ਕਰਜ਼ੇ, ਆਦਿ ਨੂੰ ਵੀ ਹੈਲਪਲਾਈਨ ਰਾਹੀਂ ਹੱਲ ਕੀਤਾ ਜਾਵੇਗਾ। ਨੌਕਰੀ ਦੀ ਭਾਲ ਕਰਨ ਵਾਲੇ ਉਹਨਾਂ ਵੱਖ-ਵੱਖ ਪਹਿਲਕਦਮੀਆਂ ਅਤੇ ਸੇਵਾਵਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਣਗੇ ਜੋ ਕਿ ਵਿਭਾਗ ਵਲੋਂ ਕਾਲਿੰਗ/ਮੈਸੇਜਿੰਗ ਰਾਹੀਂ ਚਲਾਈਆਂ ਜਾ ਰਹੀਆਂ ਹਨ।ਰੋਜ਼ਗਾਰ ਉੱਤਪਤੀ ਮੰਤਰੀ ਸ. ਚੰਨੀ ਨੇ ਅੱਗੇ ਕਿਹਾ ਕਿ ਇਸ ਕਾਲ ਸੈਂਟਰ ਰਾਹੀਂ ਮਾਲਕਾਂ ਨੂੰ ਵੀ ਸਹੂਲਤ ਦਿੱਤੀ ਜਾਏਗੀ, ਜਿਸ ਰਾਹੀਂ ਉਹ ਫੋਨ ਕਰਕੇ pgrkam.com ’ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਹ ਆਪਣੀ ਜ਼ਰੂਰਤ ਅਨੁਸਾਰ ਕਰਮਚਾਰੀਆਂ ਦੀ ਮੰਗ ਰੱਖ ਸਕਦੇ ਹਨ, ਜਿਸ ਤੋਂ ਬਾਅਦ ਵਿਭਾਗ ਯੋਗਤਾਵਾਂ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਉਮੀਦਵਾਰਾਂ ਦਾ ਪ੍ਰਬੰਧ ਕਰੇਗਾ।ਰੋਜ਼ਗਾਰ ਉੱਤਪਤੀ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਕਿਹਾ ਕਿ ਵਿਭਾਗ ਪਹਿਲਾਂ ਹੀ ਵੈੱਬ-ਅਧਾਰਤ ਪੋਰਟਲ www.pgrkam.com ਰਾਹੀਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਅਤੇ ਹੁਣ ਮੋਬਾਈਲ ਐਪ ਤਿਆਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਤੋਂ ਇਲਾਵਾ ਇਸ ਹੈਲਪਲਾਈਨ ਨਾਲ ਜਿਹਨਾਂ ਉਮੀਦਵਾਰਾਂ ਦੀ ਤਕਨਾਲੋਜੀ ਤੱਕ ਪਹੁੰਚ ਨਹੀਂ ਹੈ ਉਹ ਸਿੱਧੇ ਕਾਲ ਆਪਰੇਟਰ ਨਾਲ ਗੱਲ ਕਰ ਸਕਣਗੇ ਅਤੇ ਸੇਵਾਵਾਂ ਹਾਸਲ ਕਰ ਸਕਣਗੇ।————
