ਚੰਡੀਗੜ੍ਹ 07,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਲਈ 22 ਜ਼ਿਲ੍ਹਾ ਕੋਆਰਡੀਨੇਟਰ ਨਿਯੁਕਤ ਕੀਤੇ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਇਨ੍ਹਾਂ 22 ਜ਼ਿਲ੍ਹਾ ਕੋਆਰਡੀਨੇਟਰਾਂ ਦੀ ਲਿਸਟ ਜਾਰੀ ਕੀਤੀ ਹੈ। ਪਾਰਟੀ ਨੇ ਚੋਣ ਪ੍ਰਚਾਰ ਕਮੇਟੀ ਤੇ ਤਾਲਮੇਲ ਕਮੇਟੀ ਦਾ ਐਲਾਨ ਕਰਨ ਮਗਰੋਂ ਸੰਗਠਨ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਹੈ। ਸੂਤਰਾਂ ਮੁਤਾਬਕ ਕਾਂਗਰਸ ਜਲਦ ਤੋਂ ਜਲਦ ਸੰਗਠਨ ਦਾ ਐਲਾਨ ਕਰਕੇ ਚੋਣ ਮੁਹਿੰਮ ਨੂੰ ਭਖਾਉਣਾ ਚਾਹੁੰਦੀ ਹੈ।
ਦੱਸ ਦਈਏ ਕਿ ਪਿਛਲੇ ਇੱਕ ਸਾਲ ਤੋਂ ਲਗਾਤਾਰ ਅੰਦਰੂਨੀ ਕਲੇਸ਼ ਵਿੱਚ ਘਿਰੀ ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੌਕਸ ਹੋ ਗਈ ਹੈ। ਹਾਈਕਮਾਨ ਨੇ ਲਗਾਤਾਰ ਮੀਟਿੰਗਾਂ ਕਰਕੇ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨੂੰ ਹੁਣ ਸੰਭਲ ਕੇ ਚੱਲਣ ਦੀਆਂ ਹਦਾਇਤਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਪਾਰਟੀ ਰੁੱਸੇ ਲੀਡਰਾਂ ਨੂੰ ਮਨਾਉਣ ਤੇ ਜਲਦ ਤੋਂ ਜਲਦ ਬਕਾਇਆ ਕੰਮ ਨਿਬੇੜਨ ਵਿੱਚ ਲੱਗ ਗਈ ਹੈ
ਸੂਤਰਾਂ ਮੁਤਾਬਕ ਪਾਰਟੀ ਜਲਦ ਹੀ ਸੰਗਠਨ ਦਾ ਐਲਾਨ ਕਰ ਦੇਵੇਗੀ ਤੇ ਨਾਲ ਹੀ ਟਿਕਟਾਂ ਦੀ ਵੰਡ ਦਾ ਕੰਮ ਵੀ ਵਿੱਢ ਦੇਵੇਗੀ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਤਕਰੀਬਨ ਸਾਰੇ ਤੇ ਆਮ ਆਦਮੀ ਪਾਰਟੀ 10 ਉਮੀਦਵਾਰ ਐਲਾਨ ਚੁੱਕੀ ਹੈ। ਵਿਰੋਧੀ ਪਾਰਟੀਆਂ ਦੇ ਇਨ੍ਹਾਂ ਉਮੀਦਵਾਰਾਂ ਨੇ ਚੋਣ ਪ੍ਰਚਾਰ ਵੀ ਵਿੱਢ ਦਿੱਤਾ ਹੈ ਪਰ ਕਾਂਗਰਸੀ ਉਮੀਦਵਾਰ ਅਜੇ ਹਰੀ ਝੰਡੀ ਉਡੀਕ ਰਹੇ ਹਨ।
ਸੂਤਰਾਂ ਮੁਤਾਬਕ ਹਾਲਾਤ ਨੂੰ ਵੇਖਦਿਆਂ ਕਾਂਗਰਸ ਹਾਈਕਮਾਨ ਵੱਲੋਂ ਐਤਕੀਂ ਕਾਂਗਰਸ ਉਮੀਦਵਾਰਾਂ ਦਾ ਐਲਾਨ ਪਹਿਲਾਂ ਕੀਤਾ ਜਾ ਸਕਦਾ ਹੈ। ਪਹਿਲੀ ਵਾਰ ਹੈ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੀ ਕਾਂਗਰਸ ਨੇ ਚੋਣ ਪ੍ਰਚਾਰ ਕਮੇਟੀ ਅਤੇ ਤਾਲਮੇਲ ਕਮੇਟੀ ਦਾ ਐਲਾਨ ਕੀਤਾ ਹੈ। ਪਾਰਟੀ ਹਾਈਕਮਾਨ ਨੇ ਇਨ੍ਹਾਂ ਉੱਚ ਪੱਧਰੀ ਕਮੇਟੀਆਂ ਜ਼ਰੀਏ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਨੂੰ ਮੱਠਾ ਕਰਨ ਤੇ ਸਿਆਸੀ ਤਵਾਜ਼ਨ ਬਣਾਉਣ ਦਾ ਵੀ ਯਤਨ ਕੀਤਾ ਹੈ।