
ਚੰਡੀਗੜ੍ਹ: ਕਾਂਗਰਸ ਹਾਈਕਮਾਂਡ ਵੱਲੋਂ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਪੰਜਾਬ ਕਾਂਗਰਸ ਵਿੱਚ ਬਗਾਵਤ ਘੱਟ ਨਹੀਂ ਹੋ ਰਹੀ। ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਮਰਥਕ ਵਿਧਾਇਕ ਸੁਰਜੀਤ ਧੀਮਾਨ ਨੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਸਪਸ਼ਟ ਕਿਹਾ ਹੈ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਦੀ ਅਗਵਾਈ ਵਿੱਚ ਨਹੀਂ ਲੜਨਗੇ।
ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਹਾਈਕਮਾਨ ਨੂੰ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਚਾਹੀਦਾ ਹੈ। ਅਮਰਗੜ੍ਹ ਤੋਂ ਕਾਂਗਰਸੀ ਵਿਧਾਇਕ ਧੀਮਾਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਲੰਮੇ ਸਮੇਂ ਤੋਂ ਜਾਰੀ ਕਾਂਗਰਸ ਵਿੱਚ ਕਲੇਸ਼ ਸ਼ਾਂਤ ਹੋ ਰਿਹਾ ਸੀ। ਧੀਮਾਨ ਸਿੱਧੂ ਦੇ ਕਰੀਬੀ ਹਨ। ਸਿੱਧੂ ਦੇ ਨਾਲ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੁਹਿੰਮ ਵਿੱਚ ਵੀ ਸ਼ਾਮਲ ਸੀ। ਧੀਮਾਨ ਲੀਡਰਸ਼ਿਪ ਬਦਲਾਅ ਸਬੰਧੀ ਦੇਹਰਾਦੂਨ ਵਿੱਚ ਹਰੀਸ਼ ਰਾਵਤ ਨਾਲ ਮੁਲਾਕਾਤ ਵਿੱਚ ਵੀ ਸ਼ਾਮਲ ਰਹੇ ਹਨ।
ਇਸ ਦੇ ਨਾਲ ਹੀ ਧੀਮਾਨ ਨੇ ਇਸ ਬਿਆਨ ਬਾਰੇ ਇਹ ਵੀ ਕਿਹਾ ਹੈ ਕਿ ਉਹ ਜੋ ਵੀ ਕਹਿੰਦੇ ਹਨ, ਉਸ ਤੋਂ ਪਿੱਛੇ ਨਹੀਂ ਹਟਦੇ। ਹਾਲਾਂਕਿ ਕਈ ਵਿਧਾਇਕਾਂ ਨੇ ਲੀਡਰਸ਼ਿਪ ਤਬਦੀਲੀ ਨੂੰ ਲੈ ਕੇ ਇੱਕ ਖੁੱਲ੍ਹੇ ਪਲੇਟਫਾਰਮ ਤੋਂ ਗੱਲ ਕੀਤੀ, ਪਰ ਹਾਈਕਮਾਂਡ ਨੇ ਇਸ ਮੰਗ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।
ਉਧਰ, ਕੁਝ ਸਮਾਂ ਪਹਿਲਾਂ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਕਿਹਾ ਹੈ ਕਿ ਪੰਜਾਬ ਵਿੱਚ ਸਭ ਕੁਝ ਠੀਕ ਨਹੀਂ। ਹਾਲਾਂਕਿ, ਉਨ੍ਹਾਂ ਨੇ ਦੇਹਰਾਦੂਨ ਵਿੱਚ ਇਹ ਵੀ ਕਿਹਾ ਹੈ ਕਿ ਕੈਪਟਨ ਤੇ ਸਿੱਧੂ ਦੀ ਲੜਾਈ ਤੋਂ ਕਾਂਗਰਸ ਪਲੱਸ ਹੋਵੇਗੀ।
