*ਪੰਜਾਬ ਕਾਂਗਰਸ ‘ਚ ਵੱਡੇ ਫੇਰ-ਬਦਲ ਦੀ ਤਿਆਰੀ, ਜੁਲਾਈ ਦੇ ਪਹਿਲੇ ਹਫਤੇ ਹੋਏਗਾ ਵੱਡਾ ਧਮਾਕਾ*

0
150

ਨਵੀਂ ਦਿੱਲੀ 28,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਕਾਂਗਰਸ ਵਿੱਚ ਵੱਡਾ ਫੇਰ-ਬਦਲ ਹੋ ਸਕਦਾ ਹੈ। ਇਸ ਦੀ ਤਿਆਰੀ ਹਾਈਕਮਾਨ ਨੇ ਤਕਰੀਬਨ ਕਰ ਹੀ ਲਈ ਹੈ। ਇਸ ਦਾ ਐਲਾਨ ਜਲਦ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਹਾਈਕਮਾਨ ਦਾ ਫੈਸਲਾ ਲਾਗੂ ਹੋਣ ਮਗਰੋਂ ਪੰਜਾਬ ਦੀ ਸਿਆਸਤ ਵਿੱਚ ਹਿੱਲਜੁੱਲ ਤੇਜ਼ ਹੋ ਜਾਏਗੀ। ਸਭ ਤੋਂ ਅਹਿਮ ਗੱਲ ਹੈ ਕਿ ਹਾਈਕਮਾਨ ਵੱਲੋਂ ਬਾਗੀ ਨੇਤਾ ਨਵਜੋਤ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਜਿਸ ਨਾਲ ਪਾਰਟੀ ਅੰਦਰ ਵੀ ਸਮੀਕਰਨ ਬਦਲਣਗੇ।

ਸੂਤਰਾਂ ਮੁਤਾਬਕ ਹਾਈਕਮਾਨ ਜੁਲਾਈ ਦੇ ਪਹਿਲੇ ਹਫਤੇ ਪੰਜਾਬ ਕਾਂਗਰਸ ਦੇ ਸਾਰੇ ਵਿਵਾਦਾਂ ਨੂੰ ਖਤਮ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਕਰਕੇ ਸੂਬਾ ਕਾਂਗਰਸ ਅੰਦਰ ਹਲਚਲ ਪਾਈ ਜਾ ਰਹੀ ਹੈ। ਅਹਿਮ ਗੱਲ ਹੈ ਕਿ ਪਿਛਲੇ ਹਫ਼ਤੇ ਤੋਂ ਕੈਪਟਨ ਧੜਾ ਕਾਫ਼ੀ ਚਿੰਤਾ ਜ਼ਾਹਰ ਕਰ ਰਿਹਾ ਹੈ, ਜਦੋਂ ਕੈਪਟਨ ਤਿੰਨ ਮੈਂਬਰੀ ਕਮੇਟੀ ਨਾਲ ਗੱਲਬਾਤ ਕਰਕੇ ਨਵੀਂ ਦਿੱਲੀ ਤੋਂ ਵਾਪਸ ਪਰਤੇ ਸਨ। ਕਮੇਟੀ ਦੇ ਸਖਤ ਰਵੱਈਏ ਤੋਂ ਨਿਰਾਸ਼, ਕੈਪਟਨ ਤਦ ਸੋਨੀਆ ਤੇ ਰਾਹੁਲ ਬਿਨਾਂ ਮੁਲਾਕਾਤ ਦੇ ਵਾਪਸ ਪੰਜਾਬ ਪਰਤ ਆਏ ਸਨ।

ਇੱਥੇ, ਕੈਪਟਨ ਦੇ ਨਜ਼ਦੀਕੀ ਸਲਾਹਕਾਰਾਂ ਵੱਲੋਂ ਦਿੱਤੇ ਸੰਕੇਤਾਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਹਾਈ ਕਮਾਂਡ ਨਵਜੋਤ ਸਿੱਧੂ ਨੂੰ ਕਿਸੇ ਵੀ ਕੀਮਤ ‘ਤੇ ਪਾਰਟੀ ਤੋਂ ਵੱਖ ਕਰਨ ਲਈ ਤਿਆਰ ਨਹੀਂ। ਸਿੱਧੂ ਦੀ ਨਾਰਾਜ਼ਗੀ ਦੂਰ ਕਰਨ ਲਈ ਉਨ੍ਹਾਂ ਨੂੰ ਸੂਬਾ ਕਾਂਗਰਸ ਤੇ ਸਰਕਾਰ ਵਿੱਚ ਸਤਿਕਾਰਯੋਗ ਸਥਾਨ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਿੱਧੂ ਇਨ੍ਹੀਂ ਦਿਨੀਂ ਕੁਝ ਬਦਲਦੇ ਵੀ ਨਜ਼ਰ ਆ ਰਹੇ ਹਨ। ਉਨ੍ਹਾਂ ਕੈਪਟਨ ਦੇ ਪੱਖ ਤੋਂ ਤਿੱਖੇ ਟਵੀਟ ਰਾਜ ਸਰਕਾਰ ਦੇ ਅਧਿਕਾਰੀਆਂ ਵੱਲ ਮੋੜ ਦਿੱਤੇ ਹਨ। ਇਸੇ ਲਈ ਉਨ੍ਹਾਂ ਰਾਜ ਦੇ ਡੀਜੀਪੀ ‘ਤੇ ਪਹਿਲਾ ਹਮਲਾ ਕੀਤਾ ਸੀ।

ਪਾਰਟੀ ਸੂਤਰਾਂ ਅਨੁਸਾਰ ਨਵਜੋਤ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਮੁੱਖ ਮੰਤਰੀ ਦਾ ਉਮੀਦਵਾਰ ਬਣਾਏ ਜਾਣ ਦੀਆਂ ਚਰਚਾਵਾਂ ਨੇ ਹਾਈ ਕਮਾਂਡ ਨੂੰ ਚਿੰਤਤ ਕਰ ਦਿੱਤਾ ਹੈ। ਸੂਬਾ ਇਕਾਈ ਦੇ ਵਿਵਾਦ ਨੂੰ ਸੁਲਝਾਉਣ ਲਈ ਕਿਸੇ ਦਰਮਿਆਨੇ ਰਾਹ ਦੀ ਭਾਲ ਕਰ ਰਹੀ ਕਾਂਗਰਸ ਹਾਈ ਕਮਾਂਡ ਨੇ ਹੁਣ ਸਾਰਿਆਂ ਨੂੰ ਬਰਾਬਰ ਲੈ ਕੇ ਚੱਲਣ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਦਫ਼ਤਰ ਵਿੱਚ ਕੈਪਟਨ ਦੇ ਸਲਾਹਕਾਰ ਨਾਲ ਗੱਲਬਾਤ ਦੌਰਾਨ ਇਹ ਪਤਾ ਲੱਗਿਆ ਹੈ ਕਿ ਪਾਰਟੀ ਹਾਈ ਕਮਾਂਡ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਤੇ ਸਿੱਧੂ ਦਰਮਿਆਨ ਦਰਜੇ ਦੀ ਲੜਾਈ ਨੂੰ ਨਜ਼ਰਅੰਦਾਜ਼ ਕਰਕੇ ਦੋਵਾਂ ਨੇਤਾਵਾਂ ਨੂੰ ਬਰਾਬਰ ਦੀ ਜ਼ਿੰਮੇਵਾਰੀ ਸੌਂਪ ਕੇ ਅੱਗੇ ਵਧੇਗੀ।

ਜਦੋਂ ਸੂਤਰਾਂ ਨੂੰ ਪੁੱਛਿਆ ਗਿਆ ਕਿ ਕੈਪਟਨ ਹੁਣ ਨਵਜੋਤ ਸਿੱਧੂ ਨੂੰ ਆਪਣੇ ਕੋਲ ਰੱਖਣ ਲਈ ਤਿਆਰ ਨਹੀਂ ਹਨ ਤੇ ਸਿੱਧੂ ਉਪ ਮੁੱਖ ਮੰਤਰੀ ਦਾ ਅਹੁਦਾ ਲੈਣ ਤੋਂ ਵੀ ਇਨਕਾਰ ਕਰ ਰਹੇ ਹਨ; ਇਸ ‘ਤੇ ਉਨ੍ਹਾਂ ਦੱਸਿਆ ਕਿ ਦੋਵਾਂ ਨੇਤਾਵਾਂ ਨੂੰ ਪਾਰਟੀ ਹਾਈਕਮਾਂਡ ਦੀ ਪਾਲਣਾ ਕਰਨੀ ਪਏਗੀ ਤੇ ਹਾਈਕਮਾਂਡ ਦੋਵਾਂ ਨੂੰ ਇਹ ਅਹਿਸਾਸ ਕਰਵਾ ਰਹੀ ਹੈ ਕਿ ਦੋਵੇਂ ਹੀ ਪਾਰਟੀ ਲਈ ਬਰਾਬਰ ਕੱਦ ਦੇ ਤੇ ਮਹੱਤਵਪੂਰਨ ਹਨ।

LEAVE A REPLY

Please enter your comment!
Please enter your name here