ਚੰਡੀਗੜ੍ਹ 05,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੱਧੂ (Navjot Singh Sidhu) ਅੱਜ 3.30 ਵਜੇ ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿਚ ਪ੍ਰੈੱਸ ਕਾਨਫਰੰਸ (Sidhu Press Conferences) ਕਰਨ ਜਾ ਰਹੇ ਹਨ। ਇਹ ਪ੍ਰੈੱਸ ਕਾਨਫਰੰਸ 6 ਨਵੰਬਰ ਨੂੰ ਹੋਣ ਜਾ ਰਹੀ ਕੈਬਨਿਟ ਮੀਟਿੰਗ (Punjab Cabinet Meeting) ਤੋਂ ਪਹਿਲਾਂ ਕੀਤੀ ਜਾ ਰਹੀ ਹੈ। ਇਸ ਲਈ ਮੀਡੀਆ ਦੀਆਂ ਨਜ਼ਰ ਇਸ ਉੱਪਰ ਟਿਕੀਆਂ ਹੋਈਆਂ ਹਨ।
ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਨਵਜੋਤ ਸਿੱਧੂ ਲਗਾਤਾਰ ਆਪਣੀ ਹੀ ਸਰਕਾਰ ਨੂੰ ਘੇਰਦੇ ਆ ਰਹੀ ਹਨ। ਇਸ ਲਈ ਹਾਈਕਮਾਨ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਇਕੱਠੇ ਕੇਦਾਰਨਾਥ ਵੀ ਗਏ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਮਗਰੋਂ ਮਾਮਲਾ ਸ਼ਾਂਤ ਹੋ ਗਿਆ ਹੈ।
ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਵਿਧਾਨ ਸਭਾ ਦੇ 8 ਨਵੰਬਰ ਦੇ ਵਿਸ਼ੇਸ਼ ਸੈਸ਼ਨ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਪੰਜਾਬ ਦਾ ਦੌਰਾ ਕਰਨਗੇ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਵਿਧਾਇਕਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਚੰਡੀਗੜ੍ਹ ਛੱਡ ਕੇ ਆਪੋ-ਆਪਣੇ ਹਲਕੇ ਵਿੱਚ ਵਿਚਰਨ। ਸਿੱਧੂ ਨੇ ਆਖਿਆ ਹੈ ਕਿ ਵਿਧਾਇਕ ਆਪਣੇ ਹਲਕਿਆਂ ਵਿੱਚ ਪ੍ਰੋਗਰਾਮ ਰੱਖਣ ਤੇ ਉਹ ਸਮਾਗਮਾਂ ਵਿੱਚ ਸ਼ਾਮਲ ਹੋਣਗੇ।
ਪਤਾ ਲੱਗਾ ਹੈ ਕਿ ਨਵਜੋਤ ਸਿੱਧੂ ਨੌਂ ਨਵਬੰਰ ਤੋਂ ਪੰਜਾਬ ਦਾ ਦੌਰਾ ਵਿੱਢਣਗੇ। ਉਨ੍ਹਾਂ ਨੇ ਸਭ ਸਿਆਸੀ ਝਗੜੇ ਖ਼ਤਮ ਹੋਣ ਦੀ ਗੱਲ ਆਖੀ ਹੈ। ਪੰਜਾਬ ਕਾਂਗਰਸ ਦੇ ਜਥੇਬੰਦਕ ਢਾਂਚੇ ਦਾ ਐਲਾਨ ਵੀ ਜਲਦੀ ਹੋਣ ਵਾਲਾ ਹੈ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਕੈਬਨਿਟ ਮੰਤਰੀ ਪਰਗਟ ਸਿੰਘ ਅਨੁਸਾਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਇਸ ਹਫਤੇ ਜਾਰੀ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸਿਰਫ ਇੱਕ ਅੱਧੇ ਜ਼ਿਲ੍ਹੇ ਕਰਕੇ ਸੂਚੀ ਰੁਕੀ ਹੋਈ ਹੈ। ਉਸ ਮਗਰੋਂ ਸਟੇਟ ਬਾਡੀ ਦਾ ਐਲਾਨ ਹੋਵੇਗਾ।
ਹਾਸਲ ਜਾਣਕਾਰੀ ਅਨੁਸਾਰ ਕਾਂਗਰਸ ਹਾਈਕਮਾਂਡ ਵੱਲੋਂ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਵਿਚਾਲੇ ਸਮਝੌਤਾ ਕਰਾ ਦਿੱਤਾ ਗਿਆ ਹੈ, ਜਿਸ ਤਹਿਤ ਦੋਵਾਂ ਆਗੂਆਂ ਨੂੰ ਜਨਤਕ ਤੌਰ ’ਤੇ ਕੁਝ ਵੀ ਬੋਲਣ ਤੋਂ ਗੁਰੇਜ਼ ਕਰਨ ਲਈ ਆਖਿਆ ਗਿਆ ਹੈ। ਚੰਨੀ ਤੇ ਸਿੱਧੂ ਵੱਲੋਂ ਇਕੱਠੇ ਕੇਦਾਰਨਾਥ ਧਾਮ ਦੇ ਦਰਸ਼ਨ ਕਰਨਾ ਵੀ ਪੰਜਾਬ ਦੇ ਹਿੰਦੂ ਵਰਗ ਨੂੰ ਇੱਕ ਸਿਆਸੀ ਸੁਨੇਹਾ ਦੇਣ ਦੀ ਕੋਸ਼ਿਸ਼ ਸੀ। ਨਾਲ ਹੀ ਦੋਵਾਂ ਆਗੂਆਂ ਨੇ ਯਾਤਰਾ ਮੌਕੇ ਇਕੱਠੇ ਚੱਲਣ ਦਾ ਪ੍ਰਣ ਵੀ ਲਿਆ ਹੈ।